ਚਾਦਰ ਗੈਂਗ ਸ਼ਹਿਰ ''ਚ ਦੁਬਾਰਾ ਸਰਗਰਮ
Tuesday, Jun 26, 2018 - 07:20 AM (IST)

ਜਲੰਧਰ, (ਮ੍ਰਿਦੁਲ)— ਥਾਣਾ ਨੰਬਰ 4 ਅਧੀਨ ਪੈਂਦੇ ਊਧਮ ਸਿੰਘ ਨਗਰ ਵਿਚ ਅਲੀ ਬਾਬਾ ਮੋਬਾਇਲ ਦੁਕਾਨ 'ਚ ਚੋਰਾਂ ਨੇ ਧਾਵਾ ਬੋਲ ਦਿੱਤਾ। ਚੋਰ ਦੁਕਾਨ 'ਚੋਂ ਮੋਬਾਇਲ ਫੋਨ, ਨਕਦੀ ਚੋਰੀ ਕਰ ਕੇ ਲੈ ਗਏ। ਹਾਲਾਂਕਿ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਚੁੱਕੀ ਹੈ।
ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਫੁਟੇਜ ਵਿਚ 8 ਮੁਲਜ਼ਮ ਕੈਦ ਹੋਏ ਹਨ। ਦੁਕਾਨ ਦੇ ਮਾਲਕ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਗਏ ਸਨ ਕਿ ਅੱਜ ਸਵੇਰੇ ਆਲੇ-ਦੁਆਲੇ ਦੇ ਲੋਕਾਂ ਨੇ ਕਿਹਾ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ, ਜਦੋਂ ਉਹ ਦੁਕਾਨ 'ਤੇ ਆਏ ਤਾਂ ਉਨ੍ਹਾਂ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਪਿਆ ਹੈ। ਉਨ੍ਹਾਂ ਸਵੇਰੇ ਜਦੋਂ ਕੰਟਰੋਲ ਰੂਮ 'ਤੇ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਪੁਲਸ ਉਨ੍ਹਾਂ ਕੋਲ 8.45 'ਤੇ ਆਈ ਹੈ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਰਾਤ 2 ਵਜੇ ਦੇ ਕਰੀਬ 8 ਨੌਜਵਾਨ ਆਏ। ਉਨ੍ਹਾਂ ਨੇ ਪਹਿਲਾਂ ਚਾਦਰ ਦਾ ਪਰਦਾ ਕਰ ਕੇ ਜੈੱਕ ਨਾਲ ਦੁਕਾਨ ਦਾ ਸ਼ਟਰ ਉਖਾੜਿਆ ਅਤੇ ਇਕ ਕਰੀਬ 25 ਸਾਲ ਦਾ ਨੌਜਵਾਨ ਅੰਦਰ ਦਾਖਲ ਹੋਇਆ।
ਉਹ ਕਰੀਬ 20 ਹਜ਼ਾਰ ਰੁਪਏ ਦੀ ਕੀਮਤ ਦੇ ਮੋਬਾਇਲ ਅਤੇ 2 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਥਾਣਾ ਨੰਬਰ 6 ਦੇ ਅਧੀਨ ਆਉਂਦੇ ਮਾਡਲ ਟਾਊਨ 'ਚ ਇਕ ਰਾਤ ਵਿਚ ਦੋ ਮੋਬਾਇਲ ਦੁਕਾਨਾਂ 'ਤੇ ਇਸ ਤਰ੍ਹਾਂ ਚਾਦਰ ਨਾਲ ਚੋਰੀ ਹੋਈ ਸੀ ਜੋ ਕਿ ਹੁਣ ਤੱਕ ਟਰੇਸ ਨਹੀਂ ਹੋ ਸਕੀ ਹੈ। ਹੁਣ ਇਸ ਤਰ੍ਹਾਂ ਦੁਬਾਰਾ ਚਾਦਰ ਗੈਂਗ ਨੇ ਵਾਰਦਾਤ ਨੂੰ ਅੰਜਾਮ ਦਿੱਤਾ।