''ਤਕਨੀਕੀ ਸੰਸਥਾਵਾਂ ''ਚ UGC ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੋਣਗੀਆਂ ਪ੍ਰੀਖਿਆਵਾਂ''

07/08/2020 4:00:08 PM

ਫਤਿਹਗੜ੍ਹ ਸਾਹਿਬ (ਜਗਦੇਵ) : ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ  ਤਕਨੀਕੀ ਸੰਸਥਾਵਾਂ 'ਚ ਯੂ. ਜੀ. ਸੀ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪ੍ਰੀਖਿਆਵਾਂ ਲਈਆਂ ਜਾਣਗੀਆਂ, ਜਦੋਂ ਕਿ ਪ੍ਰੈਕਟੀਕਲ ਆਨ ਲਾਈਨ ਜਾਣਗੇ। ਵਿੱਦਿਅਕ ਸੰਸਥਾਵਾਂ 'ਚ ਐੱਸ. ਸੀ ਸਕਾਲਰਸ਼ਿਪ ਦੇ ਪੈਸੇ ਨਾ ਆਉਣ ਦੇ ਸਬੰਧ 'ਚ ਮੰਤਰੀ ਨੇ ਕਿਹਾ ਕਿ ਇਸ ਨੂੰ ਕੇਂਦਰ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ ਤੇ ਜਲਦ ਹੀ ਪੰਜਾਬ ਸਰਕਾਰ ਨਵੀਂ ਸਕੀਮ ਲਿਆ ਕੇ ਇਸ ਨੂੰ ਦੁਬਾਰਾ ਸ਼ੁਰੂ ਕਰੇਗੀ।

ਚਰਨਜੀਤ ਸਿੰਘ ਚੰਨੀ ਅੱਜ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਕਰਨ ਲਈ ਸੈਰ-ਸਪਾਟਾ ਮਹਿਕਮੇ ਵੱਲੋਂ ਲਗਭਗ 18 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਇੱਥੇ ਪਹੁੰਚੇ ਸਨ ਅਤੇ ਉਨ੍ਹਾਂ ਵੱਲੋਂ ਕਹੀ ਨਾਲ ਟੱਕ ਲਗਾ ਕੇ ਇਸ ਦੀ ਆਰੰਭਤਾ ਕਰਵਾਈ ਗਈ। ਇਸ ਤੋਂ ਪਹਿਲਾਂ ਗ੍ਰੰਥੀ ਸਿੰਘ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਉਨ੍ਹਾਂ ਫਤਿਹਗੜ੍ਹ ਸਾਹਿਬ ਦੇ ਵਿਕਾਸ ਦਾ ਸਿਹਰਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹੀ ਇੱਥੋਂ ਦਾ ਵਿਕਾਸ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੈਰ-ਸਪਾਟਾ ਮਹਿਕਮੇ ਵੱਲੋਂ ਜਯੋਤੀ ਸਰੂਪ ਚੌਂਕ ਜੋ ਕਿ ਦੋ ਪਵਿੱਤਰ ਅਸਥਾਨਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੂੰ ਜੋੜਦਾ ਹੈ ਅਤੇ ਫ਼ਤਹਿਗੜ੍ਹ ਸਾਹਿਬ ਦਾ 14 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਕੰਮ ਦੀ ਆਰੰਭਤਾ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 10 ਕਰੋੜ ਦੀ ਲਾਗਤ ਨਾਲ ਵੱਖਰੇ ਤੌਰ 'ਤੇ ਆਮ-ਖਾਸ ਬਾਗ ਦਾ ਸੁੰਦਰੀਕਰਨ ਅਤੇ ਪੰਜ ਕਰੋੜ ਦੀ ਲਾਗਤ ਨਾਲ ਉੱਚਾ ਪਿੰਡ ਸੰਘੋਲ ਦੇ ਸੁੰਦਰੀ ਕਰਨ ਦੇ ਨਾਲ-ਨਾਲ ਕੁੱਲ 30 ਕਰੋੜ ਦੇ ਕੰਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਕਰਵਾਏ ਜਾ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਦੋ ਅਕਾਲੀ ਦਲ ਦੇ ਧੜੇ ਬਣਨ ਨਾਲ ਕਾਂਗਰਸ ਪਾਰਟੀ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਅਕਾਲੀ ਦਲ 'ਚ ਆਪਸੀ ਖਿੱਚੋਤਾਣ ਨੂੰ ਚੰਗੀ ਨਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ  ਹੁਣ ਨਿਰੋਲ ਅਕਾਲੀ ਦਲ ਨਿੱਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਜੋ ਪਹਿਲਾਂ ਹੱਕ ਅਕਾਲੀ ਦਲ ਬਾਦਲ ਸੀ, ਉਹ ਇੱਕ ਧੜੇ ਦਾ ਹੀ ਬਣ ਕੇ ਕੰਮ ਕਰ ਰਿਹਾ ਸੀ। 
 


Babita

Content Editor

Related News