ਵਿਧਾਇਕ ਬੈਂਸ ਵਿਰੁੱਧ ਜਬਰ-ਜ਼ਿਨਾਹ ਦੇ ਮਾਮਲੇ ’ਚ ਚਾਰਜਸ਼ੀਟ ਦਾਖਲ,ਇਸ ਦਿਨ ਹੋਵੇਗੀ ਅਗਲੀ ਸੁਣਵਾਈ
Friday, Nov 12, 2021 - 12:35 PM (IST)
ਲੁਧਿਆਣਾ (ਮਹਿਰਾ) : ਆਤਮ ਨਗਰ ਵਿਧਾਨ ਸਭਾ ਇਲਾਕੇ ਦੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਹੋਰਨਾਂ ਵਿਰੁੱਧ ਲੁਧਿਆਣਾ ਪੁਲਸ ਨੇ ਅਦਾਲਤ ’ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਵਿਧਵਾ ਔਰਤ ਦੀ ਸ਼ਿਕਾਇਤ ’ਤੇ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਅਤੇ ਹੋਰਨਾਂ ਧਾਰਾਵਾਂ ਅਧੀਨ ਕੀਤੀ ਗਈ ਸ਼ਿਕਾਇਤ ਕਾਰਨ ਪੁਲਸ ਥਾਣਾ ਡਿਵੀਜ਼ਨ ਨੰ. 6 ਵੱਲੋਂ ਵਿਧਾਇਕ ਬੈਂਸ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਰੀਬ 5 ਮਹੀਨਿਆਂ ਬਾਅਦ ਪੁਲਸ ਵੱਲੋਂ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਜਿਸ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 18 ਨਵੰਬਰ ’ਤੇ ਅਗਲੀ ਸੁਣਵਾਈ ਲਈ ਰੱਖਿਆ ਹੈ। ਲੁਧਿਆਣਾ ਦੀ ਹਰਮਿਰਨਜੀਤ ਸਿੰਘ ਦੀ ਅਦਾਲਤ ਨੇ ਪੀੜਤ ਵਿਧਵਾ ਔਰਤ ਦੀ ਅਰਜ਼ੀ ਦਾ ਨੋਟਿਸ ਲੈਂਦੇ ਹੋਏ ਪੁਲਸ ਥਾਣਾ ਡਵੀਜ਼ਨ ਨੰ. 6 ਨੂੰ ਕੇਸ ਦਰਜ ਕੀਤੇ ਜਾਣ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਵਿਧਾਇਕ ਇਨ੍ਹਾਂ ਹੁਕਮਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ ਪਰ ਹਾਈਕੋਰਟ ਵੱਲੋਂ ਵੀ ਬੈਂਸ ਦੀ ਪਟੀਸ਼ਨ ਖਾਰਜ਼ ਕਰ ਦਿੱਤੀ ਗਈ ਸੀ। ਬੀਤੀ 7 ਜੁਲਾਈ ਨੂੰ ਲੁਧਿਆਣਾ ਦੀ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਵਿਧਾਇਕ ਬੈਂਸ ਖਿਲਾਫ ਜਬਰ-ਜ਼ਨਾਹ ਦੇ ਦੋਸ਼ਾਂ ਸਬੰਧੀ ਕੇਸ ਦਰਜ ਕਰਵਾਉਣ ਲਈ ਪੀੜਤ ਵਿਧਵਾ ਦੀ ਦਾਇਰ ਅਰਜ਼ੀ ਦਾ ਨੋਟਿਸ ਲੈਂਦੇ ਹੋਏ ਹੁਕਮ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ‘ਆਪ’ ਨੇ ਚੰਨੀ ਸਰਕਾਰ ਵਲੋਂ ਵਧਾ-ਚੜ੍ਹਾ ਕੇ ਪ੍ਰਚਾਰੇ ਜਾ ਰਹੇ ਅੰਕੜਿਆਂ ’ਤੇ ਉਠਾਏ ਸਵਾਲ
ਵਿਧਾਇਕ ਵਿਰੁੱਧ ਪੁਲਸ ਵੱਲੋਂ ਕੇਸ ਦਰਜ ਨਾ ਕੀਤੇ ਜਾਣ ਸਬੰਧੀ ਭੱਜ-ਦੌੜ ਕਰਨ ਵਾਲੀ ਪੀੜਤਾ ਨੇ ਅਦਾਲਤ ਦਾ ਦਰਵਾਜ਼ਾ ਖੜ੍ਹਕਾਉਂਦੇ ਹੋਏ ਅਦਾਲਤ ਤੋਂ ਪੁਲਸ ਨੂੰ ਵਿਧਾਇਕ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦੇਣ ਦੀ ਮੰਗ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਪੀੜਤ ਔਰਤ ਨੇ ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ, ਲੁਧਿਆਣਾ ਦੇ ਗੋਗੀ ਸ਼ਰਮਾ ਖਿਲਾਫ ਵੀ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਸੀ। ਆਪਣੀ ਸ਼ਿਕਾਇਤ ਵਿਚ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦੀ ਸਮਾਜਿਕ ਅਤੇ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾ ਕੇ ਬੈਂਸ ਨੇ ਉਸ ਦੀ ਮਦਦ ਕਰਨ ਬਹਾਨੇ ਵਾਰ-ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵਿਧਾਇਕ ਦੇ ਭਰਾ ਨੇ ਵਾਰ-ਵਾਰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਈ ਵ੍ਹਟਸਅਪ ਮੈਸੇਜ ਵੀ ਕੀਤੇ ਹਨ।
ਇਹ ਵੀ ਪੜ੍ਹੋ : ਸੰਚਾਰ ਕ੍ਰਾਂਤੀ ਰਾਹੀਂ ਅਰਬਾਂ ਲੋਕਾਂ ਦੀ ਜ਼ਿੰਦਗੀ ਬਦਲੀ, ਪੰਜਾਬ ਦੇ ਪ੍ਰੋ. ਨਰਿੰਦਰ ਸਿੰਘ ਕਪਾਨੀ ਨੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ