ਬਿਨਾਂ ਹੈਲਮੇਟ ਅੌਰਤਾਂ ਦੇ ਚਲਾਨ ਕੱਟੇ ਜਾਣਗੇ, 5 ਸਤੰਬਰ ਤੋਂ

Thursday, Aug 30, 2018 - 06:49 AM (IST)

 ਚੰਡੀਗਡ਼੍ਹ, (ਸੁਸ਼ੀਲ)- ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਵਾਲੀਆਂ ਅੌਰਤਾਂ ਦੇ ਟ੍ਰੈਫਿਕ ਪੁਲਸ 7 ਦਿਨਾਂ ਬਾਅਦ 5 ਸਤੰਬਰ ਤੋਂ ਚਲਾਨ ਕੱਟਣੇ ਸ਼ੁਰੂ ਕਰੇਗੀ। ਇਹ ਫੈਸਲਾ ਚੰਡੀਗਡ਼੍ਹ ਟ੍ਰੈਫਿਕ ਪੁਲਸ ਨੇ ਬੁੱਧਵਾਰ ਨੂੰ ਲਿਆ। ਪਹਿਲੇ ਦਿਨ ਟ੍ਰੈਫਿਕ ਪੁਲਸ ਬਿਨਾਂ ਹੈਲਮੇਟ ਵਾਲੀਅਾਂ ਅੌਰਤਾਂ ’ਤੇ ਖਾਸ ਨਜ਼ਰ ਰੱਖੇਗੀ। ਪੁਲਸ ਦਫਤਰ ਆਵਰਸ ਤੇ ਸਵੇਰੇ-ਸ਼ਾਮ ਲਾਈਟ ਪੁਆਇੰਟ ਅਤੇ ਚੌਰਾਹਿਆਂ ’ਤੇ ਤਾਇਨਾਤ ਰਹੇਗੀ। ਪੁਲਸ ਨੇ ਕਿਹਾ ਕਿ ਦੋਪਹੀਆ ਵਾਹਨਾਂ ’ਤੇ ਪਿੱਛੇ ਬੈਠੀ ਅੌਰਤ ਨੂੰ ਵੀ ਹੈਲਮੇਟ ਪਾਉਣ ਲਾਜ਼ਮੀ ਹੈ। ਮਹਿਲਾ ਚਾਲਕ ਨੂੰ ਸਿਰਫ ਆਈ. ਐੱਸ. ਆਈ.  ਮਾਰਕ ਹੈਲਮੇਟ ਪਾਉਣਾ ਹੋਵੇਗਾ, ਨਹੀਂ ਤਾਂ ਟ੍ਰੈਫਿਕ ਪੁਲਸ ਉਸਦਾ ਵੀ ਚਲਾਨ ਕਰ ਦੇਵੇਗੀ। ਬਿਨਾਂ ਹੈਲਮੇਟ ਦਾ ਪਹਿਲਾ ਚਲਾਨ 300 ਰੁਪਏ ਤੇ ਦੂਜਾ 600 ਰੁਪਏ ਦਾ ਹੋਵੇਗਾ। ਦੋਪਹੀਅਾਂ  ਵਾਹਨ ਚਾਲਕ ਦੇ ਪਿੱਛੇ ਬਿਨਾਂ ਹੈਲਮੇਟ  ਦੇ ਬੈਠੀ ਅੌਰਤ  ਤੇ 12 ਸਾਲ ਤੋਂ ਉਪਰ ਵਾਲੇ ਬੱਚੇ ਦਾ ਵੀ ਚਲਾਨ ਹੋਏਗਾ। ਹਾਲਾਂਕਿ ਦਸਤਾਰ ਬੰਨਣ ਵਾਲੀਅਾਂ ਅੌਰਤਾਂ ਨੂੰ ਇਸ ਤੋਂ ਛੋਟ ਹੈ।
 ਪ੍ਰਸ਼ਾਸਨ ਨੇ ਜਾਰੀ ਕੀਤਾ ਸੀ ਨੋਟੀਫਿਕੇਸ਼ਨ 
 ਬਿਨਾਂ ਹੈਲਮੇਟ ਦੇ ਸਡ਼ਕ ਹਾਦਸਿਆਂ ਵਿਚ ਅੌਰਤਾਂ ਦੀ ਮੌਤ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗਡ਼੍ਹ ’ਚ ਅੌਰਤਾਂ ਲਈ ਹੈਲਮੇਟ ਲਾਜ਼ਮੀ ਕਰਨ ਦੇ ਹੁਕਮ  ਦਿੱਤੇ ਸਨ।  ਇਸ ਤੋਂ ਬਾਅਦ ਚੰਡੀਗਡ਼੍ਹ ਪ੍ਰਸ਼ਾਸਨ ਨੇ 6 ਜੁਲਾਈ 2018 ਨੂੰ ਅੌਰਤਾਂ ਲਈ ਦੋਪਹੀਆ ਵਾਹਨ ਚਲਾਉਣ ਦੌਰਾਨ ਹੈਲਮੇਟ ਪਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਚੰਡੀਗਡ਼੍ਹ ਟ੍ਰੈਫਿਕ ਪੁਲਸ ਨੇ ਚਲਾਨ ਕੱਟਣ ਤੋਂ ਪਹਿਲਾਂ ਸ਼ਹਿਰ ਦੀਆਂ ਅੌਰਤਾਂ ਤੇ ਲਡ਼ਕੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਹੈ। 
ਹਰ ਸਾਲ 18 ਤੋਂ ਜ਼ਿਆਦਾ ਅੌਰਤਾਂ ਦੀ ਹੋ ਰਹੀ ਮੌਤ 
 ਚੰਡੀਗਡ਼੍ਹ ’ਚ ਸਡ਼ਕ ਹਾਦਸਿਆਂ ’ਚ ਹਰ ਸਾਲ 18 ਤੋਂ ਜ਼ਿਆਦਾ ਅੌਰਤਾਂ ਆਪਣੀ ਜਾਨ ਗੁਆ ਰਹੀਆਂ ਹਨ।  ਮੌਤ ਦਾ ਕਾਰਨ ਸਿਰ ਵਿਚ ਸੱਟ ਲੱਗਣਾ ਪਾਇਆ ਜਾਂਦਾ ਹੈ ਜੇਕਰ ਅੌਰਤਾਂ  ਹੈਲਮੇਟ ਪਾਉਣ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਹੈ। ਚੰਡੀਗਡ਼੍ਹ ਟ੍ਰੈਫਿਕ ਪੁਲਸ ਦੇ ਅੰਕਡ਼ਿਆਂ ਅਨੁਸਾਰ 2013 ’ਚ 18, 2014 ਵਿਚ 26, 2015 ’ਚ 32, 2016 ’ਚ 22 ਤੇ 2017 ’ਚ 18 ਅੌਰਤਾਂ ਸਡ਼ਕ ਹਾਦਸਿਆਂ ਵਿਚ ਜਾਨ ਗੁਆ ਚੁੱਕੀਆਂ ਹਨ।  
 ਜੰਮ ਕੇ ਕੀਤਾ ਜਾਗਰੂਕ 
 ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਚੰਡੀਗਡ਼੍ਹ ਟ੍ਰੈਫਿਕ ਪੁਲਸ ਅੌਰਤਾਂ ਨੂੰ ਹੈਲਮੇਟ ਪਾਉਣ ਲਈ ਜੰਮ ਕੇ ਜਾਗਰੂਕ ਕਰ ਰਹੀ ਹੈ। ਪੁਲਸ ਨੇ ਅੌਰਤਾਂ ਨੂੰ ਮੁਫ਼ਤ ਹੈਲਮੇਟ ਵੰਡੇ। ਉਥੇ ਹੀ ਹੈਲਮੇਟ ਪਾਉਣ ਵਾਲੀਆਂ ਅੌਰਤਾਂ ਨੂੰ 100-100 ਰੁਪਏ ਦੇ ਪੈਟਰੋਲ ਦੇ ਕੂਪਨ ਵੰਡੇ। ਮਾਰਕੀਟ ਐਸੋਸੀਏਸ਼ਨ ਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨਾਲ ਮਿਲ ਕੇ ਅੌਰਤਾਂ ਨੂੰ ਜਾਗਰੂਕ ਕੀਤਾ। ਖੁਦ ਐੱਸ. ਐੱਸ. ਪੀ. ਸ਼ਸ਼ਾਂਕ ਆਨੰਦ  ਵੀ ਇਸ ਮੁਹਿੰਮ ’ਚ ਸਡ਼ਕਾਂ ’ਤੇ ਉਤਰੇ।   ‘ਹੈਲਮੇਟ ਪਾਓ, ਧੀ ਬਚਾਓ’ ਸਲੋਗਨ ਨਾਲ 30 ਕਿ. ਮੀ. ਤਕ ਰੈਲੀ ਕੱਢੀ  
 ਚੰਡੀਗਡ਼੍ਹ ਟ੍ਰੈਫਿਕ ਪੁਲਸ ਨੇ ਬੁੱਧਵਾਰ ਨੂੰ ‘ਹੈਲਮੇਟ ਪਾਓ,  ਧੀ ਬਚਾਓ’ ਸਲੋਗਨ ਦੇ ਨਾਲ ਸੈਕਟਰ-11 ਸਥਿਤ ਪੋਸਟ ਗ੍ਰੈਜੂਏਟ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨਾਲ ਮਿਲ ਕੇ ਹੈਲਮੇਟ ਸਬੰਧੀ ਜਾਗਰੂਕ ਕਰਨ ਲਈ 30 ਕਿ. ਮੀ. ਤਕ ਰੈਲੀ ਕੱਢੀ।  ਇਸ ਦੌਰਾਨ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ, ਐੱਸ. ਐੱਸ. ਪੀ.  ਟ੍ਰੈਫਿਕ ਸ਼ਸ਼ਾਂਕ ਆਨੰਦ ਤੇ ਕਾਲਜ ਦੇ ਹੋਰ ਅਧਿਕਾਰੀ ਮੌਜੂਦ ਰਹੇ। 
ਇਸ ਦੌਰਾਨ ਸਡ਼ਕ ਹਾਦਸਿਆਂ ਵਿਚ ਜ਼ਖ਼ਮੀ ਹੋਈ ਮਨਪ੍ਰੀਤ ਕੌਰ, ਪੂਜਾ, ਸਪਨਾ,   ਨਿੱਕੀ ਤੇ   ਪ੍ਰਦੀਪ ਕੌਰ  (ਦੋਵੇਂ ਕਾਂਸਟੇਬਲ) ਵੀ ਸਨ, ਜਿਨ੍ਹਾਂ ਨੇ ਹੈਲਮੇਟ ਨਾ ਪਾਉਣ ਨਾਲ ਹੋਣ ਵਾਲੇ ਸਡ਼ਕ ਹਾਦਸਿਆਂ  ਬਾਰੇ ਦੱਸਿਆ। ਰੈਲੀ ਕਾਲਜ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੈਕਟਰਾਂ ਤੋਂ ਹੁੰਦੀ ਹੋਈ ਸੈਕਟਰ-42 ਦੇ ਪੋਸਟ ਗ੍ਰੈਜੂਏਟ ਗਰਲਜ਼ ਕਾਲਜ ’ਚ ਜਾ ਕੇ ਖ਼ਤਮ ਹੋਈ। ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥਣਾਂ ਨੂੰ 200 ਹੈਲਮੇਟ ਵੰਡੇ ਗਏ। ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਨੇ ਕਿਹਾ ਕਿ ਹੈਲਮੇਟ ਸਿਰਫ ਆਈ. ਐੱਸ. ਆਈ. ਨਿਸ਼ਾਨ  ਦਾ ਹੀ ਖਰੀਦੋ।  
ਅੱਜ ਜ਼ਰਾ ਬਚ ਕੇ, ਚੰਡੀਗੜ੍ਹ ਪੁਲਸ ਦਾ ਜ਼ੀਰੋ ਟਾਲਰੈਂਸ ਡੇਅ
ਸ਼ਹਿਰ ਦੀਆਂ ਸੜਕਾਂ ’ਤੇ ਵੀਰਵਾਰ ਨੂੰ ਵਾਹਨ  ਧਿਆਨ ਨਾਲ ਚਲਾਓ। ਜੇਕਰ ਕਿਸੇ ਵਾਹਨ ਚਾਲਕ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਟ੍ਰੈਫਿਕ ਪੁਲਸ ਤੋਂ ਇਲਾਵਾ ਫੀਲਡ ’ਚ ਯੂਨਿਟਾਂ ਦੇ ਜਵਾਨ ਚਲਾਨ ਕੱਟ ਦੇਣਗੇ। ਵੀਰਵਾਰ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਸ ਜ਼ੀਰੋ ਟਾਲਰੈਂਸ ਡੇਅ ਮਨਾ ਰਹੀ ਹੈ। ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਨੇ ਬੁੱਧਵਾਰ ਨੂੰ ਸਾਰੀਆਂ ਯੂਨਿਟਾਂ ਨੂੰ 30 ਅਗਸਤ ਨੂੰ ਜ਼ੀਰੋ ਟਾਲਰੈਂਸ ਡੇਅ ਮਨਾਉਣ ਦੇ ਹੁਕਮ ਦਿੱਤੇ।
 


Related News