ਦੋ ਹਲਕਿਆਂ ਤੋਂ ਚੋਣ ਲੜਨ ਬਾਰੇ ਬੋਲੇ CM ਚਰਨਜੀਤ ਸਿੰਘ ਚੰਨੀ, ਜਾਣੋ ਕੀ ਹੈ ਸੱਚ

Saturday, Jan 15, 2022 - 11:34 AM (IST)

ਦੋ ਹਲਕਿਆਂ ਤੋਂ ਚੋਣ ਲੜਨ ਬਾਰੇ ਬੋਲੇ CM ਚਰਨਜੀਤ ਸਿੰਘ ਚੰਨੀ, ਜਾਣੋ ਕੀ ਹੈ ਸੱਚ

ਸ੍ਰੀ ਚਮਕੌਰ ਸਾਹਿਬ (ਬਿਊਰੋ)– ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਮਾਘੀ ਦੇ ਪਵਿੱਤਰ ਮੌਕੇ ਸ੍ਰੀ ਚਮਕੌਰ ਸਾਹਿਬ ਵਿਚ ਸਥਿਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਚ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਗੁਰਦੁਆਰਾ ਸਾਹਿਬ ਵਿਚ ਮੁੱਖ ਮੰਤਰੀ ਨੇ ਕੁਝ ਸਮੇਂ ਤੱਕ ਕੀਰਤਨ ਸੁਣਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਰਫ਼ ਪੰਜਾਬ ਦੇ ਭਲੇ ਲਈ ਅਰਦਾਸ ਕਰਨ ਆਏ ਹਨ। ਉਹ ਚਾਹੁੰਦੇ ਹਨ ਕਿ ਪੰਜਾਬ ਅੱਗੇ ਵੀ ਬੁਲੰਦੀਆਂ ਵੱਲ ਵਧਦਾ ਰਹੇ। ਚੰਨੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕੰਮ ਕਰਨ ਲਈ ਸਿਰਫ਼ 111 ਦਿਨਾਂ ਦਾ ਸਮਾਂ ਮਿਲਿਆ ਹੈ ਪਰ ਉਨ੍ਹਾਂ ਆਪਣੇ ਵੱਲੋਂ ਪੰਜਾਬ ਦੀ ਬਿਹਤਰੀ ਅਤੇ ਨਸ਼ਿਆਂ ਅਤੇ ਰੇਤ ਮਾਫ਼ੀਆ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਯੈਲੋ ਅਲਰਟ, ਜਾਣੋ ਅਗਲੇ 48 ਘੰਟਿਆਂ ਤੱਕ ਪੰਜਾਬ ਦੇ ਮੌਸਮ ਦਾ ਹਾਲ

PunjabKesari

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਜਨਤਾ ਸੂਝਵਾਨ ਹੈ ਅਤੇ ਉਹ ਚੋਣਾਂ ਵਿਚ ਉਸੇ ਪਾਰਟੀ ਨੂੰ ਚੁਣੇਗੀ ਜੋ ਪੰਜਾਬ ਵਿਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸੂਬੇ ਨੂੰ ਵਿਕਾਸ ਦੇ ਰਸਤੇ ’ਤੇ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਬਾਹਰੀ ਪਾਰਟੀਆਂ ’ਤੇ ਭਰੋਸਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦਾ ਇਕੋ-ਇਕ ਉਦੇਸ਼ ਪੰਜਾਬੀਆਂ ਦੀ ਏਕਤਾ ਨੂੰ ਖੰਡਿਤ ਕਰਨਾ ਹੈ। ਚੰਨੀ ਨੇ ਕਿਹਾ ਕਿ ਮੇਰੇ ਬਾਰੇ ਆਪਣਾ ਹਲਕਾ ਛੱਡਣ ਦੀ ਅਫ਼ਵਾਹ ਫੈਲਾਈ ਜਾ ਰਹੀ ਹੈ। ਇਹ ਵਿਰੋਧੀਆਂ ਦੀ ਚਾਲ ਹੈ। ਵੋਟਰਾਂ ਨੂੰ ਅਜਿਹੀਆਂ ਸਾਜਿਸ਼ਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹਾਈਕਮਾਨ ਮੈਨੂੰ ਦੋ ਹਲਕਿਆਂ ਤੋਂ ਲੜਾਉਂਦੀ ਹੈ ਤਾਂ ਮੈਂ ਜ਼ਰੂਰ ਲੜਾਂਗਾ। ਦੋਵੇਂ ਸੀਟਾਂ ’ਤੇ ਜਿੱਤ ਦਰਜ ਕਰਾਂਗੇ। ਮੈਂ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਇਆ ਸੀ। ਇਸ ਖੇਤਰ ਨੇ ਮੈਨੂੰ ਵਿਧਾਇਕ ਦਾ ਰੁਤਬਾ ਦਿਵਾਇਆ ਅਤੇ ਗੁਰੂ ਮਹਾਰਾਜ ਨੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਾ ਦਿੱਤਾ। ਜੇਕਰ ਵਾਹਿਗੁਰੂ ਨੇ ਮੈਨੂੰ ਦੋਬਾਰਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਤਾਂ ਚਮਕੌਰ ਸਾਹਿਬ ਨੂੰ ਸੈਰ-ਸਪਾਟਾ ਨਗਰੀ ਦੇ ਰੂਪ ’ਚ ਵਿਕਸਿਤ ਕਰਕੇ ਆਲਮੀ ਨਕਸ਼ੇ ’ਤੇ ਲਿਆਂਦਾ ਜਾਵੇਗਾ। ਸੰਖੇਪ ਵਿਚ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਿਰਫ਼ ਸ੍ਰੀ ਚਮਕੌਰ ਸਾਹਿਬ ਤੋਂ ਹੀ ਚੋਣ ਲੜਨਗੇ ਬਾਕੀ ਜੇਕਰ ਹਾਈਕਮਾਨ ਦੋ ਹਲਕਿਆਂ ਤੋਂ ਵੀ ਚੋਣ ਲੜਾਉਣਾ ਚਾਹੇਗਾ ਤਾਂ ਉਹ ਜ਼ਰੂਰ ਲੜਨਗੇ। 

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਦੌਰਾਨ ਚਮਕੌਰ ਸਾਹਿਬ ਤੋਂ ਵਿਧਾਇਕ ਚੰਨੀ ਦੋਆਬਾ ਦੀ ਕਿਸੇ ਰਿਜ਼ਰਵ ਸੀਟ ਤੋਂ ਚੋਣਾਂ ਲੜ ਸਕਦੇ ਹਨ ਕਿਉਂਕਿ ਦੋਆਬਾ 'ਚ ਸਭ ਤੋਂ ਜ਼ਿਆਦਾ ਅਨੁਸੂਚਿਤ ਜਾਤੀ ਦਾ ਵੋਟ ਬੈਂਕ ਹੈ ਅਤੇ ਉੱਥੇ ਚੋਣਾਂ ਲੜਨ ਵਾਲੇ ਬਾਕੀ ਕਾਂਗਰਸੀ ਉਮੀਦਵਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਚੰਨੀ ਨੂੰ ਜਲੰਧਰ ਜ਼ਿਲ੍ਹੇ ਦੀ ਆਦਮਪੁਰ ਸੀਟ ਤੋਂ ਚੋਣ ਮੈਦਾਨ 'ਚ ਉਤਾਰਨ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News