ਕੇਜਰੀਵਾਲ, ਕੈਪਟਨ ਤੇ ਬਾਦਲਾਂ ’ਤੇ ਵਰ੍ਹੇ ਚੰਨੀ, ਕਿਹਾ ਹਾਲੇ ਕਾਂ ਮਾਰ ਕੇ ਟੰਗੇ ਨੇ, ਪਿਕਚਰ ਤਾਂ ਅਜੇ ਬਾਕੀ ਏ

Saturday, Nov 27, 2021 - 06:36 PM (IST)

ਕੇਜਰੀਵਾਲ, ਕੈਪਟਨ ਤੇ ਬਾਦਲਾਂ ’ਤੇ ਵਰ੍ਹੇ ਚੰਨੀ, ਕਿਹਾ ਹਾਲੇ ਕਾਂ ਮਾਰ ਕੇ ਟੰਗੇ ਨੇ, ਪਿਕਚਰ ਤਾਂ ਅਜੇ ਬਾਕੀ ਏ

ਜਲੰਧਰ (ਵਿਸ਼ੇਸ਼) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਚੰਨੀ ਵੱਲੋਂ ਧੜਾਧੜ ਇਕ ਤੋਂ ਬਾਅਦ ਇਕ ਲਏ ਜਾ ਰਹੇ ਫ਼ੈਸਲੇ ਅਤੇ ਦਿਨ-ਰਾਤ ਲੋਕਾਂ ’ਚ ਮੌਜੂਦਗੀ ਜਿਥੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਮਜ਼ਬੂਤ ਬਣਾ ਰਹੀ ਹੈ, ਉਥੇ ਵਿਰੋਧੀ ਇਸ ਸਭ ’ਤੇ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਉਨ੍ਹਾਂ ਦੀ ਆਲੋਚਨਾ ਕਰਦੇ ਹਨ ਪਰ ਮੁੱਖ ਮੰਤਰੀ ਦੀ ਸੁਣੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਆਪਣੀ ਚਾਲ ਚੱਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਦੂਜੇ ਦੀ ਲਾਈਨ ਨੂੰ ਛੋਟੀ ਕਰਨ ਦੀ ਬਜਾਏ ਖੁਦ ਦੀ ਲਾਈਨ ਨੂੰ ਵੱਡਾ ਕਰ ਲੈਣਾ ਚਾਹੀਦਾ ਹੈ। ਚੰਨੀ ਮੁਤਾਬਕ ਪਬਲਿਕ ਫਿਗਰ ਨੂੰ ਹਮੇਸ਼ਾ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਮੇਰਾ ਕੰਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ, ਨਾ ਕਿ ਵਿਰੋਧੀ ਧਿਰ ਦੀਆਂ ਫਾਲਤੂ ਗੱਲਾਂ ਵਿਚ ਉਲਝੇ ਰਹਿਣਾ ਹੈ। ਅਜੇ ਤਾਂ ਕਾਂ ਮਾਰ ਕੇ ਟੰਗੇ ਨੇ, ਪਿਕਚਰ ਬਾਕੀ ਹੈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਛਿੜਿਆ ਨਵਾਂ ਕਲੇਸ਼, ਆਹਮੋ-ਸਾਹਮਣੇ ਹੋਏ ਸਿੱਧੂ ਤੇ ਜਾਖੜ

ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, 2022 ਦੀਆਂ ਅਸੈਂਬਲੀ ਚੋਣਾਂ, ਕਾਂਗਰਸ ਦੇ ਭਵਿੱਖ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਹੀ ਅਕਾਲੀਆਂ ਦੇ ਹਰ ਤਰ੍ਹਾਂ ਦੇ ਸਵਾਲਾਂ ਨੂੰ ਲੈ ਕੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੁਲਾਕਾਤ ਦੌਰਾਨ ਸੀ. ਐੱਮ. ਚੰਨੀ ਨੇ ਜਿਥੇ ਸਿਆਸੀ ਮਸਲਿਆਂ ’ਤੇ ਗੱਲਾਂ ਕੀਤੀਆਂ, ਉਥੇ ਉਨ੍ਹਾਂ ਆਪਣੇ ਪਰਿਵਾਰਕ ਪਿਛੋਕੜ ਨੂੰ ਲੈ ਕੇ ਵੀ ਕਈ ਅਣਸੁਣੇ ਕਿੱਸੇ ਸੁਣਾਏ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਇਹ ਵੀ ਪੜ੍ਹੋ : ਮੁਕਤਸਰ ’ਚ ਪ੍ਰਦਰਸ਼ਨਕਾਰੀਆਂ ਨਾਲ ਖਹਿਬੜੇ ਸੁੱਖੀ ਰੰਧਾਵਾ ਤੇ ਰਾਜਾ ਵੜਿੰਗ, ਤੂੰ-ਤੜਾਕ ਤੱਕ ਪਹੁੰਚੀ ਗੱਲ

ਕੀ ਦਲਿਤ ਸੀ. ਐੱਮ. ਰਾਹੀਂ ਕਾਂਗਰਸ ਵੋਟ ਹਾਸਲ ਕਰਨਾ ਚਾਹੁੰਦੀ ਹੈ
ਬੇਸ਼ੱਕ ਮੈਂ ਪੱਛੜੇ ਜਾਤੀ ਵਰਗ ਨਾਲ ਸਬੰਧਤ ਹਾਂ ਪਰ ਮੇਰੇ ਫ਼ੈਸਲੇ ਸਭ ਵਰਗਾਂ ਲਈ ਸਾਂਝੇ ਹਨ। ਅੱਜ ਮੈਂ ਪਾਣੀ ਦੀਆਂ ਮੋਟਰਾਂ ਦੇ ਬਿੱਲ ਮੁਆਫ ਕੀਤੇ ਹਨ, ਪੈਟਰੋਲ ਸਸਤਾ ਕੀਤਾ ਹੈ, ਰੇਤ ਸਸਤੀ ਕੀਤੀ ਹੈ, ਇਹ ਪੂਰੇ ਪੰਜਾਬ ਲਈ ਹੈ, ਨਾ ਕਿ ਕਿਸੇ ਇਕ ਵਰਗ ਲਈ ਹੈ। ਗਰੀਬ ਤਾਂ ਅੱਜ ਵੀ ਗਰੀਬ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਰਜਵਾੜਾਸ਼ਾਹੀ ਸਿਆਸਤ ਕੈਪਟਨ ਅਤੇ ਬਾਦਲਾਂ ਦਰਮਿਆਨ ਚੱਲਦੀ ਰਹੀ ਹੈ। ਉਨ੍ਹਾਂ ਹਮੇਸ਼ਾ ਮੈਚ ਫਿਕਸਿੰਗ ਕਰਕੇ ਪੰਜਾਬ ਦੇ ਲੋਕਾਂ ਨਾਲ ਖੇਡਿਆ। ਮੈਂ ਅਜਿਹਾ ਨਹੀਂ ਹੋਣ ਦਿਆਂਗਾ, ਇਹ ਤਬਦੀਲੀ ਸੋਨੀਆ ਜੀ ਅਤੇ ਰਾਹੁਲ ਜੀ ਦੀ ਸੈਕੁਲਰ ਸੋਚ ਕਾਰਨ ਸੰਭਵ ਹੋ ਸਕੀ ਹੈ। ਇਹ ਵੀ ਸੱਚ ਹੈ ਕਿ ਜਦੋਂ ਫੋਨ ’ਤੇ ਰਾਹੁਲ ਜੀ ਨੇ ਮੈਨੂੰ ਪੰਜਾਬ ਸੰਭਾਲਣ ਦਾ ਨਿਰਦੇਸ਼ ਦਿੱਤਾ ਤਾਂ ਇਕ ਸਮੇਂ ਲਈ ਮੈਂ ਭਾਵੁਕ ਹੋ ਗਿਆ ਸੀ ਪਰ ਅੱਜ ਪੰਜਾਬ ਦਾ ਹਰ ਵਾਸੀ ਖੁਦ ਨੂੰ ਪੰਜਾਬ ਦਾ ਸੀ. ਐੱਮ. ਮੰਨਦਾ ਹੈ।

ਇਹ ਵੀ ਪੜ੍ਹੋ : ਚੋਣਾਂ ਨੂੰ ਲੈ ਕੇ ਭਾਜਪਾ ਦਾ ਮਾਸਟਰ ਪਲਾਨ, ‘ਤਰੁਪ ਦਾ ਪੱਤਾ’ ਚੱਲ ਕੇ ਸਿਆਸਤ ’ਚ ਮਚਾਈ ਖਲਬਲੀ

ਟਿਕਟ ਦੇਣਾ ਅਤੇ ਕੱਟਣਾ ਨਾ ਮੇਰੇ, ਨਾ ਸਿੱਧੂ ਦੇ ਹੱਥ ’ਚ, ਸਿੱਧੂ ਦੀ ਮੈਨੂੰ ਚਿੰਤਾ
ਚੰਨੀ ਕੋਲੋਂ ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ ਖੁਦ ਦੀ ਸਰਕਾਰ ਨੂੰ ਮੁੱਦਿਆਂ ’ਤੇ ਘੇਰਨ ਅਤੇ ਮਰਨ ਵਰਤ ਰੱਖਣ ਦੀ ਚਿਤਾਵਨੀ ਦਾ ਸਵਾਲ ਕੀਤਾ ਗਿਆ ਤਾਂ ਸੀ. ਐੱਮ. ਨੇ ਕਿਹਾ ਕਿ ਸਿੱਧੂ ਸਾਡੇ ਪ੍ਰਧਾਨ ਹਨ। ਉਨ੍ਹਾਂ ਦੀ ਮੈਨੂੰ ਚਿੰਤਾ ਹੈ, ਇਸ ਲਈ ਉਨ੍ਹਾਂ ਦੀ ਜਾਨ ਨੂੰ ਦਾਅ ’ਤੇ ਨਹੀਂ ਲੱਗਣ ਦਿਆਂਗੇ। ਰਹੀ ਗੱਲ ਡਰੱਗ ਮਾਮਲੇ ਦੀ, ਉਹ ਅਜੇ ਅਦਾਲਤ ਵਿਚ ਹੈ। ਰਹੀ ਗੱਲ ਮਜੀਠੀਆ ਦੀ ਤਾਂ ਮੈਂ ਉਸ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਸਦਾ ਰੋਮ-ਰੋਮ ਕਿਸੇ ਨੇ ਕਿਸੇ ਗੰਦਗੀ ਨਾਲ ਭਰਿਆ ਹੋਇਆ ਹੈ। ਭਾਵੇਂ ਉਹ ਰੇਤ-ਬੱਜਰੀ ਦੀ ਗੰਦਗੀ ਹੈ, ਭਾਵੇਂ ਕੁਰੱਪਸ਼ਨ ਅਤੇ ਡਰੱਗਜ਼ ਦੀ ਕਿਉਂ ਨਾ ਹੋਵੇ? ਜੇ ਪ੍ਰਮਾਤਮਾ ਨੇ ਚਾਹਿਆ ਤਾਂ ਹਿਸਾਬ ਬਰਾਬਰ ਜ਼ਰੂਰ ਹੋਵੇਗਾ। ਬਿਕਰਮ ਮਜੀਠੀਆ ਵੱਲੋਂ ਕਾਰਵਾਈ ਕਰਨ ਦੀ ਲਲਕਾਰ ’ਤੇ ਚੰਨੀ ਨੇ ਜਵਾਬ ਦਿੱਤਾ ਕਿ ਤੁਸੀਂ ਉਸਦੇ ਦਿਲ ਕੋਲੋਂ ਪੁੱਛ ਕੇ ਵੇਖੋ, ਉਹ ਅਦਾਲਤਾਂ ਦੇ ਚੱਕਰ ਕੱਟ ਰਿਹਾ ਹੈ। ਭਾਈ ਸਾਹਿਬ, ਪਾਣੀ ਪੁਲਾਂ ਦੇ ਹੇਠੋਂ ਹੀ ਲੰਘਦਾ ਹੈ। ਰਹੀ ਗੱਲ ਬੇਅਦਬੀ ਦੀ ਤਾਂ ਇਸ ਮਾਮਲੇ ਵਿਚ ਜਾਂਚ ਡੇਰਾ ਮੁਖੀ ਤੱਕ ਪਹੁੰਚ ਚੁੱਕੀ ਹੈ। ਅਸੀਂ ਅਦਾਲਤ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਨਵਜੋਤ ਨਾਲ ਮੇਰਾ ਪਿਆਰ ਹੈ। ਉਹ ਸਾਡੀ ਪਾਰਟੀ ਦੇ ਪ੍ਰਧਾਨ ਹਨ। ਮੇਰੇ ਮਨ ਵਿਚ ਉਨ੍ਹਾਂ ਲਈ ਸਤਿਕਾਰ ਹੈ। ਮੈਨੂੰ ਆਲੋਚਨਾ ਬਹੁਤ ਪਸੰਦ ਹੈ ਅਤੇ ਖੁਸ਼ਾਮਦੀ ਕਰਨ ਵਾਲੇ ਲੋਕ ਮੈਨੂੰ ਚੰਗੇ ਨਹੀਂ ਲੱਗਦੇ। ਆਲੋਚਨਾ ਕਰਨ ਵਾਲੇ ਦਾ ਮੈਂ ਹਮੇਸ਼ਾ ਧੰਨਵਾਦ ਕਰਦਾ ਹਾਂ। ਜੇ ਤੁਹਾਡੇ ਆਲੋਚਕ ਨਹੀਂ ਹਨ ਤਾਂ ਤੁਹਾਡਾ ਸੁਧਾਰ ਕਦੇ ਨਹੀਂ ਹੋ ਸਕਦਾ। ਮੁੱਖ ਮੰਤਰੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਇਸ ਵਾਰ ਦੀ ਇਲੈਕਸ਼ਨ ਵਿਚ ਪੰਜਾਬ ਦੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ ਤਾਂ ਚੰਨੀ ਨੇ ਜਵਾਬ ਦਿੱਤਾ ਕਿ ਟਿਕਟ ਕੱਟਣੀ ਅਤੇ ਦੇਣੀ ਨਾ ਤਾਂ ਮੇਰੇ ਹੱਥ ਵਿਚ ਹੈ ਅਤੇ ਨਾ ਹੀ ਸਿੱਧੂ ਦੇ ਹੱਥ ਵਿਚ ਹੈ। ਇਹ ਫੈਸਲਾ ਸਾਡੀ ਹਾਈਕਮਾਨ ਨੇ ਕਰਨਾ ਹੈ। ਉਹ ਸਾਡੇ ਕੋਲੋਂ ਪੁੱਛਣਗੇ ਤਾਂ ਅਸੀਂ ਰਾਏ ਜ਼ਰੂਰ ਦਿਆਂਗੇ ਪਰ ਮੇਰਾ ਮੰਨਣਾ ਹੈ ਕਿ ਪੰਜਾਬ ਵਿਚ ਸਾਡੀ ਸਾਰੀ ਟੀਮ ਚੰਗਾ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਐੱਸ. ਟੀ. ਐੱਫ. ਦੀ ਰਿਪੋਰਟ ਨੂੰ ਲੈ ਕੇ ਚੁੱਕੇ ਸਵਾਲ

ਹੁਣ ਚੱਲੇਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੈਂ ਹੈਰਾਨ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਿਤੀ ’ਤੇ ਪਿਛਲੇ ਸਮੇਂ ਵਿਚ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। 150 ਕਰੋੜ ਰੁਪਏ ਦਾ ਇਸ ਯੂਨੀਵਰਸਿਟੀ ’ਤੇ ਕਰਜ਼ਾ ਸੀ, ਜਿਸ ਦੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹੋ ਰਹੀਆਂ ਸਨ। ਹੁਣ ਹਰ ਮਹੀਨੇ 9 ਕਰੋੜ ਰੁਪਏ ਸਰਕਾਰ ਉਨ੍ਹਾਂ ਨੂੰ ਦੇ ਰਹੀ ਸੀ, ਜਦੋਂ ਕਿ 20 ਕਰੋੜ ਰੁਪਏ ਮਹੀਨੇ ਦਾ ਖਰਚ ਹੈ। ਅਜਿਹੀ ਹਾਲਤ ਵਿਚ ਯੂਨੀਵਰਸਿਟੀ ਕਿਵੇਂ ਚੱਲ ਸਕਦੀ ਸੀ? ਮੈਂ ਉਨ੍ਹਾਂ ਦਾ ਸਾਰਾ ਖਰਚ ਉਠਾਇਆ ਅਤੇ 20 ਕਰੋੜ ਰੁਪਏ ਮਾਸਿਕ ਦੇਣਾ ਸ਼ੁਰੂ ਕੀਤਾ। ਹੁਣ ਸਾਰਾ ਕਰਜ਼ਾ ਸਰਕਾਰ ਚੁਕਾਏਗੀ। ਯੂਨੀਵਰਸਿਟੀ ਨੂੰ ਚਿੰਤਾਮੁਕਤ ਕਰ ਦਿੱਤਾ ਹੈ। ਮੈਂ ਡੁੱਬੀ ਹੋਈ ਯੂਨੀਵਰਸਿਟੀ ਨੂੰ ਬਚਾਇਆ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿਉਂਕਿ ਮੈਂ ਇਸੇ ਯੂਨੀਵਰਸਿਟੀ ਵਿਚ ਪੜ੍ਹਿਆ ਹਾਂ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਖ਼ਿਲਾਫ਼ ਬਾਗੀ ਸੁਰਾਂ ਉੱਠਣ ਦੇ ਆਸਾਰ, ਵਿਧਾਇਕਾਂ ਨੇ ਰਵੱਈਏ ’ਤੇ ਚੁੱਕੇ ਸਵਾਲ

ਸੀ. ਐੱਮ. ਵੱਲੋਂ ਵਾਅਦਾ, ਜ਼ਖ਼ਮੀ ਦਾ ਇਲਾਜ ਕਰਵਾਓ, ਨਹੀਂ ਪੁੱਛੇਗੀ ਪੁਲਸ
ਸੀ. ਐੱਮ. ਨੂੰ ਜਦੋਂ ਸਵਾਲ ਕੀਤਾ ਗਿਆ ਕਿ ਅੱਜ ਵੀ ਜੇ ਕਿਸੇ ਵਿਅਕਤੀ ਨੂੰ ਝਗੜੇ ਵਿਚ ਜਾਂ ਕਿਸੇ ਕਾਰਨ ਗੋਲੀ ਲੱਗ ਜਾਂਦੀ ਹੈ, ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਡਾਕਟਰ ਪਹਿਲਾਂ ਪੁਲਸ ਦੀ ਉਡੀਕ ਕਰਦੇ ਹਨ, ਉਸ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਸੀ. ਐੱਮ. ਨੇ ਜ਼ੁਬਾਨ ਿਦੱਤੀ ਕਿ ਤੁਸੀਂ ਜ਼ਖ਼ਮੀ ਦਾ ਇਲਾਜ ਕਰਵਾਓ, ਪੁਲਸ ਤੰਗ ਨਹੀਂ ਕਰੇਗੀ। ਬਕਾਇਦਾ ਪੁਲਸ ਅਤੇ ਹੈਲਥ ਸੈਕਟਰੀ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਪੁਲਸ ਕਿਸੇ ਨੂੰ ਨਹੀਂ ਪੁੱਛੇਗੀ।

ਇਹ ਵੀ ਪੜ੍ਹੋ : ਹਰੀਸ਼ ਚੌਧਰੀ ’ਤੇ ਕੈਪਟਨ ਦਾ ਹਮਲਾ, ਕਿਹਾ ਕਤਲ ਕੇਸ ’ਚ ਨਾਮਜ਼ਦ ਵਿਅਕਤੀ ਨੂੰ ਸਪੱਸ਼ਟੀਕਰਣ ਦੇਣ ਦੀ ਲੋੜ ਨਹੀਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News