ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼

Wednesday, May 29, 2024 - 11:01 AM (IST)

ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼

ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ 'ਚ 'ਕਾਲੇ ਦਿਨ' ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਥੇ ਹੀ ਪੰਜਾਬ ਦੇ ਸਾਬਕਾ ਸੀ. ਐੱਮ. ਅਤੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਿੱਧੂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਦੋਵੇਂ ਬੈਠੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ ਚੰਨੀ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਸਿੱਧੂ ਦੀ ਤਸਵੀਰ ਹੱਥ 'ਚ ਫੜ੍ਹ ਕੇ ਉਸ ਲਈ ਇਨਸਾਫ਼ ਮੰਗਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕੈਪਸ਼ਨ 'ਚ ਲਿਖਿਆ ਹੈ, ''ਪੰਜਾਬ ਦੇ ਹੀਰੇ ਵਰਗੇ ਪੁੱਤ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ ਪਰ 2 ਸਾਲ ਬੀਤਣ 'ਤੇ ਵੀ ਉਸ ਦੇ ਕਾਤਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਪਰ ਸਿੱਧੂ ਮੂਸੇਵਾਲੇ ਦੇ ਇਨਸਾਫ਼ ਦੀ ਲੜਾਈ ਅਸੀਂ ਜਾਰੀ ਰੱਖਾਂਗੇ ਅਤੇ ਸਮਾਂ ਆਉਣ 'ਤੇ ਇਸ ਦਾ ਇਨਸਾਫ਼ ਅਸੀਂ ਜ਼ਰੂਰ ਕਰਾਂਗੇ। #justiceforsidhumoosewala।''

PunjabKesari

ਮੂਸੇਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਨ੍ਹਾਂ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। 2020 ’ਚ ਮੂਸੇਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ। ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ। ਮੂਸੇਵਾਲਾ ਆਪਣੇ ਟਰੈਕ ‘ਸੋ ਹਾਈ’ ਨਾਲ ਮੁੱਖ ਧਾਰਾ ਦੀ ਪ੍ਰਸਿੱਧੀ ਵੱਲ ਵਧਿਆ। 2018 ’ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਨ੍ਹਾਂ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।

ਦੱਸ ਦਈਏ ਕਿ ਸ਼ੁੱਭਦੀਪ ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ’ਚ ਪੜ੍ਹਾਈ ਕੀਤੀ ਤੇ 2016 ’ਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਉਸ ਨੇ 6ਵੀਂ ਕਲਾਸ ’ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ’ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਸਿੱਧੂ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।

PunjabKesari

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ। ਪਰ ਇਸ ਵਾਰ ਅਜਿਹਾ ਕੋਈ ਸਮਾਗਮ ਨਹੀਂ ਕਰਵਾਇਆ ਜਾਵੇਗਾ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇਸ ਵਾਰ ਬਰਸੀ ਸਮਾਗਮ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹਿਣਗੇ ਤੇ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News