ਪੰਜਾਬ ''ਚ 5 ਲੱਖ ਤੋਂ ਵੱਧ ਨੌਜਵਾਨਾਂ ਨੂੰ ਹੁਣ ਤੱਕ ਮਿਲੀਆਂ ਨੌਕਰੀਆਂ : ਚੰਨੀ
Thursday, Feb 14, 2019 - 10:35 AM (IST)
ਕਪੂਰਥਲਾ (ਜ. ਬ.)— ਪੰਜਾਬ ਸਰਕਾਰ ਆਪਣੇ ਵਾਅਦੇ ਉਪਰ ਪੂਰੀ ਤਰ੍ਹਾਂ ਨਾਲ ਵਜਿਦ ਹੈ ਅਤੇ ਅਸੀਂ ਇਹ ਅੰਕੜਾ ਦੱਸਦੇ ਹੋਏ ਮਾਣ ਮਹਿਸੂਸ ਕਰਦੇ ਹੈ ਕਿ ਹੁਣ ਤੱਕ 5 ਲੱਖ 35 ਹਜ਼ਾਰ ਨੌਕਰੀਆਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਵੱਡੀ ਗੱਲ ਇਹ ਵੀ ਹੈ ਕਿ ਇਨ੍ਹਾਂ 'ਚੋਂ ਹਜ਼ਾਰਾਂ ਸਰਕਾਰੀ ਨੌਕਰੀਆਂ ਵੀ ਮੁਹੱਈਆਂ ਕਾਰਵਾਈਆਂ ਗਈਆਂ ਨੇ। 630 ਕਰੋੜ ਤੋਂ ਵੀ ਵੱਧ ਦਾ ਨਿਵੇਸ਼ ਹੁਣ ਤਕ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਹੈ ਅਤੇ ਇਸ ਤੋਂ ਵੀ ਵੱਧ ਦਾ ਟੀਚਾ ਨਿਧਾਰਿਤ ਕੀਤਾ ਹੋਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਚੌਥੇ ਰਾਜ ਪੱਧਰੀ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਇਸ ਗੇੜ 'ਚ 10 ਜਗ੍ਹਾ ਉਪਰ 75 ਮੈਗਾ ਜੌਬ ਮੇਲੇ ਲਗਾਉਣ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਟਾਟਾ ਟੈਕਨਾਲੋਜੀ ਨਾਲ ਮਿਲ ਕੇ ਪੰਜਾਬ ਸਰਕਾਰ ਆਈ. ਕੇ. ਜੀ. ਪੀ. ਟੀ. ਯੂ. ਵਿਖੇ ਇਕ ਸੈਂਟਰ ਫਾਰ ਇੰਨੋਵੇਸ਼ਨ ਸਥਾਪਤ ਕਰਨ ਜਾ ਰਹੀ ਹੈ, ਜਿਸ ਦਾ ਮੁੱਢਲਾ ਕਾਰਜ ਪੂਰਾ ਹੋ ਚੁੱਕਾ ਹੈ ਅਤੇ ਇਸ ਬਹੁਕਰੋੜੀ ਪ੍ਰੋਜੈਕਟ ਨੂੰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਅਤੇ ਚਮਕੌਰ ਸਾਹਿਬ 'ਚ ਵੀ ਬਹੁਕਰੋੜੀ ਪ੍ਰਾਜੈਕਟ ਮਲਟੀ ਨੈਸ਼ਨਲ ਕੰਪਨੀਜ਼ ਨਾਲ ਮਿਲ ਕੇ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਪ੍ਰਾਜੈਕਟ ਦੇ ਤਹਿਤ ਯੂਨੀਵਰਸਿਟੀ ਵਿਖੇ ਟਾਟਾ ਕੰਪਨੀ ਵੱਲੋਂ ਭੇਜੀਆਂ ਗਈਆਂ ਬਹੁਕਰੋੜੀ ਮਸ਼ੀਨਾਂ ਦਾ ਵੀ ਸਰਵੇ ਕੀਤਾ ਅਤੇ ਪ੍ਰਾਜੈਕਟ ਦੇ ਤਹਿਤ ਯੂਨੀਵਰਸਿਟੀ ਵਿਖੇ ਸਥਾਪਤ ਕੀਤੀ ਗਈ ਕੰਪਿਊਟਰ ਲੈਬ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਮੰਤਰੀ ਚੰਨੀ ਵਲੋਂ ਜੌਬ ਲਈ ਆਏ ਆਵੇਦਕਾਂ ਅਤੇ ਕੰਪਨੀਆਂ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਗਈ।
ਪ੍ਰੋਗਰਾਮ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਯੂਨੀਵਸਿਟੀ ਵਿਖੇ ਕੁਲ 52 ਕੰਪਨੀਆਂ ਵੱਲੋਂ ਅੱਜ ਦੇ ਇਸ ਰੋਜ਼ਗਾਰ ਮੇਲੇ 'ਚ ਭਾਗ ਲਿਆ ਜਾ ਰਿਹਾ ਹੈ। ਇਸ 'ਚ 2500 ਤੋਂ ਵੱਧ ਰੋਜ਼ਗਾਰ ਅਵਸਰ ਇਨ੍ਹਾਂ ਕੰਪਨੀਆਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ। ਉਪ-ਕੁਲਪਤੀ ਪ੍ਰੋ (ਡਾ.) ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਪਤ ਕੀਤੇ ਜਾ ਰਹੇ ਟਾਟਾ ਕੰਪਨੀ ਦੇ ਸੈਂਟਰ ਯੂਨੀਵਰਸਿਟੀ ਅਤੇ ਇਸਦੇ ਵਿਦਿਆਰਥੀਆਂ ਲਈ ਭਵਿੱਖ 'ਚ ਮੀਲ ਦਾ ਪੱਥਰ ਸਾਬਤ ਹੋਣਗੇ।
ਇਸ ਮੌਕੇ ਯੂਨੀਵਰਸਿਟੀ ਦੇ ਡੀਨ ਆਰ. ਆਈ. ਸੀ. ਡਾ. ਅਨਿਰੁੱਧ ਪ੍ਰਤਾਪ ਸਿੰਘ ਵੱਲੋਂ ਮੁੱਖ ਮਹਿਮਾਨ ਸ. ਚੰਨੀ, ਪੰਜਾਬ ਸਰਕਾਰ ਜ਼ਿਲਾ ਪ੍ਰਸ਼ਾਸਨ ਅਤੇ ਖਾਸਕਰ ਨੌਕਰੀਆਂ ਦੇ ਅਵਸਰ ਲਈ ਪਹੁੰਚੀਆਂ ਕੰਪਨੀਆਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਪ੍ਰਸਤਾਵ ਪੜ੍ਹਿਆ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਖਬੀਰ ਸਿੰਘ ਆਹਲੂਵਾਲੀਆ, ਡਾਇਰੈਕਟਰ ਅਕਾਦਮਿਕ ਡਾ. ਬਲਕਾਰ ਸਿੰਘ, ਸੰਯੁਕਤ ਰਜਿਸਟਰਾਰ ਡਾ. ਆਰ. ਪੀ. ਐੱਸ. ਬੇਦੀ, ਇੰਚਾਰਜ ਉਪ-ਕੁਲਪਤੀ ਸਕੱਤਰੇਤ ਡਾ. ਪਰਮਜੀਤ ਸਿੰਘ ਅਤੇ ਹੋਰ ਅਫਸਰ ਮੌਜੂਦ ਰਹੇ। ਜ਼ਿਲਾ ਪ੍ਰਸ਼ਾਸਨ ਵਲੋਂ ਏ. ਡੀ. ਸੀ. ਅਵਤਾਰ ਸਿੰਘ ਭੁੱਲਰ ਜ਼ਿਲਾ ਰੋਜ਼ਗਾਰ ਅਧਿਕਾਰੀ ਵੀ ਮੌਜੂਦ ਰਹੇ।