ਮੁੱਖ ਸਕੱਤਰ ਵਿਵਾਦ ਤੋਂ ਬਾਅਦ ਮੰਤਰੀਆਂ ਦੇ ਕਲੇਸ਼ ''ਚ ਉਲਝੀ ਸਰਕਾਰ, ਚੰਨੀ ਦਾ ਬਾਜਵਾ ''ਤੇ ਵੱਡਾ ਦੋਸ਼

Friday, May 15, 2020 - 09:10 PM (IST)

ਮੁੱਖ ਸਕੱਤਰ ਵਿਵਾਦ ਤੋਂ ਬਾਅਦ ਮੰਤਰੀਆਂ ਦੇ ਕਲੇਸ਼ ''ਚ ਉਲਝੀ ਸਰਕਾਰ, ਚੰਨੀ ਦਾ ਬਾਜਵਾ ''ਤੇ ਵੱਡਾ ਦੋਸ਼

ਚੰਡੀਗੜ੍ਹ (ਅਸ਼ਵਨੀ) : ਸ਼ਰਾਬ ਦੇ ਸਰਕਾਰੀ ਮਾਲੀਏ 'ਚ ਘਾਟੇ 'ਤੇ ਉੱਠਿਆ ਸਿਆਸੀ ਵਿਵਾਦ ਮੁੱਖ ਸਕੱਤਰ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਹੁਣ ਕਾਂਗਰਸੀ ਲੀਡਰਾਂ ਦੇ ਆਪਸੀ ਕਲੇਸ਼ ਤੱਕ ਪਹੁੰਚ ਗਿਆ ਹੈ। ਵੀਰਵਾਰ ਨੂੰ ਵੀ ਪੂਰਾ ਦਿਨ ਦੂਸ਼ਣਬਾਜ਼ੀ ਦੌਰ ਚਲਦਾ ਰਿਹਾ। ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਦਲਿਤ ਹੋਣ ਕਾਰਨ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਦੂਜੇ ਪਾਸੇ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਸਾਹਮਣੇ ਚੰਨੀ ਦੇ ਦੋਸ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।

ਇਹ ਵੀ ਪੜ੍ਹੋ : ਗੁਰਦਾਸ ਸਿੰਘ ਬਾਦਲ ਦੇ ਦਿਹਾਂਤ 'ਤੇ ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ 

ਜਾਣਕਾਰੀ ਅਨੁਸਾਰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੈਨੂੰ ਧਮਕਾਇਆ ਅਤੇ ਆਈ ਏ.ਐੱਸ. ਲਾਬੀ ਦੇ ਵਿਰੋਧ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਚੰਨੀ ਅਨੁਸਾਰ ਬਾਜਵਾ ਨੇ ਕਿਹਾ ਕਿ ਚੀਫ਼ ਸੈਕਟਰੀ ਨਾਲ ਵਿਵਾਦ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਪ੍ਰਦੇਸ਼ ਦੀ ਆਈ. ਏ. ਐੱਸ. ਲਾਬੀ ਖਿਲਾਫ ਹੋ ਜਾਵੇਗੀ। ਆਈ. ਏ. ਐੱਸ. ਦੱਬੇ ਹੋਏ ਮਾਮਲਿਆਂ ਦੀ ਫਾਈਲ ਖੋਲ੍ਹ ਕੇ ਤੁਹਾਨੂੰ ਮੁਸੀਬਤ 'ਚ ਪਾ ਸਕਦੇ ਹਨ। ਚੰਨੀ ਨੇ ਕਿਹਾ ਕਿ ਮੈਂ ਵੀ ਕਹਿ ਦਿੱਤਾ ਕਿ ਜੇਕਰ ਕੋਈ ਪਰਚਾ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਦਰਜ ਕਰਵਾ ਦੇਵੇ ਪਰ ਦਬਾਅ ਦੀ ਰਾਜਨੀਤੀ ਨਹੀਂ ਸਹਾਂਗੇ। ਉਧਰ, ਕਿਹਾ ਜਾ ਰਿਹਾ ਹੈ ਕਿ ਬਾਜਵਾ ਨੇ ਦੱਬੇ ਹੋਏ ਮਾਮਲਿਆਂ ਰਾਹੀਂ ਚੰਨੀ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਵਿਵਾਦ ਵੱਲ ਇਸ਼ਾਰਾ ਕੀਤਾ ਹੈ। ਕੁੱਝ ਸਮਾਂ ਪਹਿਲਾਂ ਇਕ ਮਹਿਲਾ ਆਈ. ਏ. ਐੱਸ. ਨੇ ਇਲਜ਼ਾਮ ਲਾਇਆ ਸੀ ਕਿ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਇਕ ਇਤਰਾਜ਼ਯੋਗ ਮੈਸੇਜ ਭੇਜਿਆ ਸੀ। ਇਹ ਮਾਮਲਾ ਕਾਫ਼ੀ ਦਿਨ ਤੱਕ ਸੁਰਖੀਆਂ 'ਚ ਰਿਹਾ ਸੀ ਪਰ ਮੁੱਖ ਮੰਤਰੀ ਨੇ ਦਖਲ ਦੇ ਕੇ ਮਾਮਲੇ ਨੂੰ ਸੁਲਝਾ ਲਿਆ ਸੀ।

ਇਹ ਵੀ ਪੜ੍ਹੋ : ਵੱਡੀ ਖਬਰ, ਕੇਂਦਰ ਦੀ ਕੋਰੋਨਾ ਮਰੀਜ਼ਾਂ 'ਤੇ ਬਣਾਈ ਡਿਸਚਾਰਜ ਪਾਲਿਸੀ ਪੰਜਾਬ 'ਚ ਲਾਗੂ 

ਉਧਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਖਿਲਾਫ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬੇਹੱਦ ਅਫਸੋਸਜਨਕ ਹੈ। ਉਹ ਚੰਨੀ ਨੂੰ ਧਮਕਾਉਣ ਦੀ ਗੱਲ ਤਾਂ ਦੂਰ ਉਸ ਖਿਲਾਫ ਬੋਲਣ ਦੀ ਗੱਲ ਵੀ ਨਹੀਂ ਸੋਚ ਸਕਦੇ। ਭੋਆ ਤੋਂ ਵਿਧਾਇਕ ਜੋਗਿੰਦਰਪਾਲ ਵਲੋਂ ਦਲਿਤ ਮੰਤਰੀ ਨੂੰ ਧਮਕਾਉਣ ਸਬੰਧੀ ਟਿੱਪਣੀ 'ਤੇ ਬਾਜਵਾ ਨੇ ਕਿਹਾ ਕਿ ਜੋਗਿੰਦਰਪਾਲ ਕਿੱਥੋਂ ਬੋਲ ਰਹੇ ਹੈ, ਇਹ ਉਨ੍ਹਾਂ ਨੂੰ ਪਤਾ ਹੈ ਅਤੇ ਜੋ ਰਾਜਨੀਤੀ ਹੋ ਰਹੀ ਹੈ, ਉਸਦੀ ਵੀ ਪੂਰੀ ਸਮਝ ਹੈ।

ਮੈਂ ਚੰਨੀ ਤੇ ਮਨਪ੍ਰੀਤ ਦੇ ਨਾਲ ਖੜ੍ਹਾ ਹਾਂ 
ਬਾਜਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਚੰਨੀ ਨਾਲ ਮਨ-ਮੁਟਾਅ ਹੁੰਦਾ ਤਾਂ ਕੈਬਨਿਟ ਬੈਠਕ 'ਚ ਜਦੋਂ ਮੁੱਖ ਸਕੱਤਰ ਦੇ ਨਾਲ ਵਿਵਾਦ ਹੋਇਆ ਤਾਂ ਉਹ ਉਨ੍ਹਾਂ ਦਾ ਸਾਥ ਨਾ ਦਿੰਦੇ। ਬਾਜਵਾ ਨੇ ਕਿਹਾ ਕਿ ਉਹ ਅੱਜ ਵੀ ਚੰਨੀ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਖੜ੍ਹੇ ਹਨ ਅਤੇ ਕੈਬਨਿਟ ਮੰਤਰੀ ਮੁੱਖ ਸਕੱਤਰ ਵਿਵਾਦ 'ਤੇ ਭਵਿੱਖ 'ਚ ਜੋ ਵੀ ਫੈਸਲਾ ਲੈਣਗੇ, ਉਹ ਆਪਣੇ ਸਾਥੀਆਂ ਨਾਲ ਖੜ੍ਹੇ ਰਹਿਣਗੇ। ਜੇਕਰ ਚੰਨੀ ਅਤੇ ਮਨਪ੍ਰੀਤ ਮੁੱਖ ਸਕੱਤਰ ਦੀ ਹਾਜ਼ਰੀ ਵਾਲੀ ਬੈਠਕ ਦਾ ਬਾਈਕਾਟ ਕਰਨਗੇ ਤਾਂ ਉਹ ਵੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ।

ਇਹ ਵੀ ਪੜ੍ਹੋ : ਕੋਰੋਨਾ ਦੌਰ ''ਚ ਰਾਹਤ, ਸਰਕਾਰ ਨੇ ਸ਼ਰਤਾਂ ''ਚ ਛੋਟ ਨਾਲ ਜਾਰੀ ਕੀਤੀ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ    

ਮੁੱਖ ਸਕੱਤਰ 'ਤੇ ਇਲਜ਼ਾਮ, ਮੁੱਖ ਮੰਤਰੀ 'ਤੇ ਨਿਸ਼ਾਨਾ
ਰਾਜਨੀਤਕ ਮਾਹਰ ਮੰਨਦੇ ਹਨ ਕਿ ਮੁੱਖ ਸਕੱਤਰ ਦਾ ਵਿਵਾਦ ਤਾਂ ਸਿਰਫ਼ ਦਿਖਾਵਾ ਹੈ, ਅਸਲ ਨਿਸ਼ਾਨਾ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਹਨ, ਕਿਉਂਕਿ ਐਕਸਾਈਜ਼ ਵਿਭਾਗ ਉਨ੍ਹਾਂ ਦੇ ਅਧੀਨ ਹੈ। ਇਸ ਲਈ ਮੁੱਖ ਮੰਤਰੀ ਨੂੰ ਨਿਸ਼ਾਨੇ 'ਤੇ ਲੈਣ ਦੇ ਮਕਸਦ ਨਾਲ ਹੀ ਐਕਸਾਈਜ਼ ਪਾਲਿਸੀ 'ਚ ਬਦਲਾਅ ਨੂੰ ਲੈ ਕੇ ਬੁਲਾਈ ਗਈ ਬੈਠਕ 'ਚ ਸ਼ਰਾਬ ਤੋਂ ਪ੍ਰਾਪਤ ਮਾਲੀਏ ਦੇ ਨੁਕਸਾਨ ਦਾ ਰਾਗ ਅਲਾਪਿਆ ਗਿਆ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਦੇ ਤਿੰਨ ਸਾਲ ਦਾ ਕਾਰਜਕਾਲ ਗੁਜਰਨ ਤੋਂ ਬਾਅਦ ਅਚਾਨਕ ਮਾਲੀਆ ਨੁਕਸਾਨ ਦੀ ਜਾਂਚ 'ਤੇ ਆਵਾਜ਼ ਬੁਲੰਦ ਕਰਨਾ ਕੋਈ ਇੱਤੇਫਾਕ ਨਹੀਂ ਹੈ, ਸਗੋਂ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੇ ਖੇਮੇ ਦੀ ਯੋਜਨਾ ਦਾ ਹਿੱਸਾ ਹੈ। ਆਉਣ ਵਾਲੇ ਦਿਨਾਂ 'ਚ ਇਹ ਵਿਵਾਦ ਹੋਰ ਭਖੇਗਾ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ 'ਤੇ ਚੀਮਾ ਦਾ ਵੱਡਾ ਬਿਆਨ, ਕਿਹਾ ਸ਼ਰਾਬ ਮਾਫ਼ੀਆ ਸਣੇ ਸਾਰੇ ਮਾਫ਼ੀਏ ਦਾ ਸਰਗਨਾ      


author

Gurminder Singh

Content Editor

Related News