ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਤੋਂ ਦਿੱਤਾ ਅਸਤੀਫ਼ਾ
Wednesday, Jan 14, 2026 - 10:35 PM (IST)
ਚੰਡੀਗੜ੍ਹ (ਅੰਕੁਰ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਭਰਤੀ ਕਰਤਾ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਮੇਤ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉੁਨ੍ਹਾਂ ਕਿਹਾ ਕਿ ਬੜੇ ਹੀ ਭਰੇ ਮਨ ਨਾਲ ਉਹ ਇਹ ਫ਼ੈਸਲਾ ਲੈ ਰਹੇ ਹਨ ਕਿਉਂਕਿ ਪਾਰਟੀ ਦੀ ਪੁਨਰ-ਸੁਰਜੀਤੀ ਦੇ ਨਾਂ ’ਤੇ ਸਿਧਾਂਤਕ ਤੌਰ ’ਤੇ ਜਿਹੜੀਆਂ ਆਸਾਂ ਬੰਨ੍ਹੀਆਂ ਗਈਆਂ ਸਨ, ਉਹ ਪੂਰੀਆਂ ਨਹੀਂ ਹੋ ਸਕੀਆਂ। ਪੰਜ ਮੈਂਬਰੀ ਭਰਤੀ ਕਮੇਟੀ ਰਾਹੀਂ ਹੋਈ ਮੈਂਬਰਸ਼ਿਪ ਮੁਹਿੰਮ ਦੌਰਾਨ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਪੰਜਾਬ ਭਰ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਵੀ ਵੱਡੀ ਗਿਣਤੀ ’ਚ ਡੈਲੀਗੇਟ ਤਿਆਰ ਕਰਵਾਏ।
ਉਨ੍ਹਾਂ ਕਿਹਾ ਕਿ ਮਾਲਵੇ ’ਚ ਬਾਦਲ ਪਰਿਵਾਰ ਦੇ ਨਿੱਜੀ ਦਬਾਅ ਦੇ ਬਾਵਜੂਦ ਉਨ੍ਹਾਂ ਨੇ ਭਰਤੀ ਮੁਹਿੰਮ ਨੂੰ ਸਫਲ ਬਣਾਇਆ ਤਾਂ ਜੋ ਪੰਥਕ ਤੇ ਪੰਜਾਬ-ਪ੍ਰਸਤ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆ ਸਕੇ। ਇਸ ਪ੍ਰਕਿਰਿਆ ਨਾਲ ਵਰਕਰਾਂ ’ਚ ਆਸ ਜਾਗੀ ਸੀ ਕਿ ਪਾਰਟੀ ਸਿਧਾਂਤਾਂ ਦੇ ਆਧਾਰ ’ਤੇ ਮੁੜ ਮਜ਼ਬੂਤ ਹੋਵੇਗੀ।
ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਪਾਰਟੀ ਵੱਲੋਂ ਨਾ ਤਾਂ ਕਿਸੇ ਵੱਡੇ ਲੋਕ ਮੁੱਦੇ ’ਤੇ ਮੈਦਾਨ ’ਚ ਸੰਘਰਸ਼ ਕੀਤਾ ਗਿਆ ਤੇ ਨਾ ਹੀ ਕੋਈ ਠੋਸ ਰਾਜਨੀਤਕ ਪ੍ਰੋਗਰਾਮ ਦਿੱਤਾ ਗਿਆ। ਇਸ ਕਾਰਨ ਭਰਤੀ ਮੁਹਿੰਮ ਨਾਲ ਜੁੜੇ ਬਹੁਤ ਸਾਰੇ ਵਰਕਰਾਂ ਦਾ ਮਨੋਬਲ ਟੁੱਟ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ’ਚ ਰਹਿੰਦਿਆਂ ਸਿਧਾਂਤਕ ਕੁਤਾਹੀਆਂ ਕਾਰਨ ਉਨ੍ਹਾਂ ਨੇ ਬਾਦਲ ਪਰਿਵਾਰ ਨਾਲ ਆਪਣੀ ਪੁਰਾਣੀ ਸਿਆਸੀ ਤੇ ਪਰਿਵਾਰਕ ਸਾਂਝ ਤੱਕ ਛੱਡ ਦਿੱਤੀ ਸੀ ਪਰ ਨਵੀਂ ਬਣੀ ਪਾਰਟੀ ਤੋਂ ਵੀ ਉਹੀ ਉਮੀਦਾਂ ਟੁੱਟਣ ਕਾਰਨ ਹੁਣ ਅਸਤੀਫ਼ਾ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਨੁਕਤਾਚੀਨੀ ਜਾਂ ਬਿਆਨਬਾਜ਼ੀ ’ਚ ਨਹੀਂ ਪੈਣਾ ਚਾਹੁੰਦੇ। ਉਹ ਪਾਰਟੀ ਲਈ ਫਿਰ ਵੀ ਸੁਧਾਰ ਤੇ ਕਾਮਯਾਬੀ ਦੀ ਕਾਮਨਾ ਕਰਦੇ ਹਨ।
