ਐੱਮ. ਪੀ. ਬਣਿਆ ਤਾਂ ਕਰਤਾਰਪੁਰ ਸਾਹਿਬ ਨੂੰ ਭਾਰਤ 'ਚ ਸ਼ਾਮਲ ਕਰਨ ਦੀ ਚੁੱਕਾਂਗਾ ਮੰਗ: ਅਟਵਾਲ (ਵੀਡੀਓ)

Wednesday, Mar 27, 2019 - 06:26 PM (IST)

ਜਲੰਧਰ—ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਲਈ ਲੋਕਾਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਅਤੇ ਵੀਜ਼ਾ ਜ਼ਰੂਰੀ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਸਮੇਂ ਹੀ ਇਹ ਲਾਂਘਾ ਲੈ ਲੈਣਾ ਚਾਹੀਦਾ ਹੈ ਪਰ ਪਤਾ ਨਹੀਂ ਉਸ ਸਮੇਂ ਭਾਰਤ ਦੀ ਸਰਕਾਰ ਨੇ ਅਜਿਹਾ ਕਿਉਂ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਭਾਰਤ ਦੀ ਕਾਂਗਰਸ ਸਰਕਾਰ ਚਾਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਲਿਆ ਜਾ ਸਕਦਾ ਹੈ, ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਤਿੰਨ-ਚਾਰ ਮੀਲ ਦਾ ਹੀ ਫਾਸਲਾ ਸੀ ਅਤੇ ਉਸ ਦੇ ਬਦਲੇ ਕਾਂਗਰਸ ਉਸ ਸਮੇਂ ਨਾਲ ਲੱਗਦੇ ਕਿਸੇ ਹੋਰ ਇਲਾਕੇ ਨੂੰ ਦੇ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਜਿੱਤ ਕੇ ਜੇਕਰ ਉਹ ਸੰਸਦ ਮੈਂਬਰ ਬਣੇ ਤਾਂ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ 'ਚ ਲਿਆਉਣ ਦੀ ਮੰਗ ਲੋਕ ਸਭਾ 'ਚ ਚੁੱਕਣਗੇ। 
ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਆਪਸ 'ਚ ਸ਼ਾਂਤੀ ਨਾਲ ਰਹਿਣ ਤਾਂ ਹੀ ਸਹੀ ਹੈ ਕਿਉਂਕਿ ਜੇਕਰ ਜੰਗ ਲੱਗਦੀ ਹੈ ਤਾਂ ਸਭ ਤੋਂ ਜ਼ਿਆਦ ਨੁਕਸਾਨ ਪੰਜਾਬ ਨੂੰ ਹੀ ਹੋਵੇਗਾ। ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ-ਪਾਕਿ ਦੀ ਵੰਡ ਸਮੇਂ ਦਾ ਭਿਆਨਕ ਦ੍ਰਿਸ਼ ਦੇਖਿਆ ਹੈ, ਜਦੋਂ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ ਅਤੇ ਕੱਟੇ-ਵੱਢੇ ਲੋਕਾਂ ਦੀਆਂ ਟਰੇਨਾਂ ਇੱਧਰੋਂ-ਉੱਧਰ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਉਹ ਖੁਦ ਬਹੁਤ ਛੋਟੀ ਉਮਰ ਦੇ ਸਨ, ਜਦੋਂ ਪਾਕਿਸਤਾਨ ਤੋਂ ਭਾਰਤ ਆ ਗਏ ਸਨ।
ਅਜੋਕੇ ਸਮੇਂ ਦੇ ਹਿਸਾਬ ਨਾਲ ਕੰਮ ਕਰਦੈ ਸੁਖਬੀਰ
ਚਰਨਜੀਤ ਸਿੰਘ ਅਟਵਾਲ ਤੋਂ ਜਦੋਂ ਪੁੱਛਿਆ ਗਿਆ ਕਿ ਪੁਰਾਣੇ ਅਕਾਲੀ ਦਲ ਅਤੇ ਅੱਜ ਦੇ ਅਕਾਲੀ 'ਚ ਉਨ੍ਹਾਂ ਨੂੰ ਕੀ ਫਰਕ ਲੱਗਦਾ ਹੈ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਪਹਿਲਾਂ ਵੀ ਵਧੀਆ ਤਰੀਕੇ ਨਾਲ ਕੰਮ ਕਰਦਾ ਸੀ ਅਤੇ ਅੱਜ ਵੀ ਇਸੇ ਤਰ੍ਹਾਂ ਕੰਮ ਕਰ ਰਿਹਾ ਹੈ ਬਸ ਫਰਕ ਸਿਰਫ ਇੰਨਾ ਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ, ਜੋ ਕਿ ਸਹੀ ਹੈ।


author

shivani attri

Content Editor

Related News