ਫਿਰ ਵਿਵਾਦਾਂ 'ਚ ਘਿਰੇ ਕੈਬਨਿਟ ਮੰਤਰੀ ਚਰਨਜੀਤ ਚੰਨੀ (ਵੀਡੀਓ)

Monday, Apr 09, 2018 - 07:17 PM (IST)

ਚੰਡੀਗੜ੍ਹ (ਮਨਮੋਹਨ ਸਿੰਘ) : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਇਸ ਵਾਰ ਮਾਮਲਾ ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਲ ਜੁੜਿਆ ਹੋਇਆ ਹੈ। ਦਰਅਸਲ ਕੈਬਨਿਟ ਮੰਤਰੀ ਚੰਨੀ ਨੇ ਸਕੱਤਰੇਤ 'ਚ ਆਪਣੇ ਦਫ਼ਤਰ ਦੇ ਅੰਦਰ ਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਹਨ ਜਿਨ੍ਹਾਂ ਨੂੰ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਲਗਾਇਆ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਚੰਨੀ ਕਿਸੇ ਨਾ ਕਿਸੇ ਵਿਵਾਦ ਦਾ ਹਿੱਸਾ ਬਣੇ ਰਹੇ ਹਨ। ਹੁਣ ਮੁੜ ਉਹ ਇਕ ਹੋਰ ਵਿਵਾਦ 'ਚ ਘਿਰ ਗਏ ਹਨ। ਇਸ ਮਾਮਲੇ 'ਤੇ ਕੈਬਨਿਟ ਮੰਤਰੀ ਚੰਨੀ ਨਾਲ ਤਾਂ ਰਾਬਤਾ ਕਾਇਮ ਨਹੀਂ ਹੋਇਆ ਸਕਿਆ ਪਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਜ਼ਰੂਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਧਰਮਸੌਤ ਨੇ ਇਸ ਸਾਰੇ ਮਾਮਲੇ ਤੋਂ ਖੁਦ ਨੂੰ ਅਣਜਾਣ ਦੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਿਧਾਂਤਾਂ 'ਤੇ ਚੱਲਦੀ ਹੈ ਤੇ ਚੱਲਦੀ ਰਹੇਗੀ।
ਕੈਬਨਿਟ ਮੰਤਰੀ ਚਰਨਜੀਤ ਚੰਨੀ ਅਹੁਦਾ ਸੰਭਾਲਣ ਤੋਂ ਬਾਅਦ ਹੀ ਵਿਵਾਦਾਂ ਦਾ ਹਿੱਸਾ ਬਣਦੇ ਰਹੇ ਹਨ, ਉਹ ਭਾਵੇਂ ਟਾਸ ਕਰਕੇ ਨੌਕਰੀ ਦੇਣ ਦੀ ਗੱਲ ਹੋਵੇ ਜਾਂ ਫਿਰ ਆਪਣੇ ਸਰਕਾਰੀ ਨਿਵਾਸ ਸਥਾਨ ਤੋਂ ਪਾਰਕ ਤੱਕ ਸੜਕ ਬਣਾਉਣ ਦਾ ਮਾਮਲਾ ਜਾਂ ਫਿਰ ਜੋਤਿਸ਼ੀ ਦੇ ਕਹਿਣ 'ਤੇ ਹਾਥੀ ਦੀ ਸਵਾਰੀ। ਹੁਣ ਨਵੇਂ ਵਿਵਾਦ 'ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ ਇਸ 'ਤੇ ਸਭ ਦੀ ਨਜ਼ਰ ਬਣੀ ਰਹੇਗੀ।


Related News