ਟਰੈਕਟਰ 'ਤੇ ਲੱਗੇ ਉੱਚੀ ਗਾਣਿਆਂ ਕਾਰਨ ਮਚ ਗਿਆ ਚੀਕ-ਚਿਹਾੜਾ, ਮਿੰਟਾਂ 'ਚ ਸਕੂਲ ਕਰਵਾਉਣਾ ਪੈ ਗਿਆ ਖ਼ਾਲੀ
Tuesday, Jan 21, 2025 - 06:10 AM (IST)

ਅਲਾਵਲਪੁਰ (ਬੰਗੜ)- ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਅਲਾਵਲਪੁਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੁਪਹਿਰ 2 ਵਜੇ ਦੇ ਕਰੀਬ ਪਿੰਡ ਦੇ ਬੱਸ ਸਟੈਂਡ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੇਨ ਗੇਟ ਦੇ ਮੂਹਰੇ ਪੱਠਿਆਂ ਤੇ ਖੋਰੀ ਨਾਲ ਲੱਦੀ ਇਕ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਪਰ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਜਾਣਕਾਰੀ ਅਨੁਸਾਰ ਜਦੋਂ ਚਾਲਕ ਹਰਭਜਨ ਸਿੰਘ ਪੁੱਤਰ ਜੰਗ ਸਿੰਘ ਵਾਸੀ ਖੰਨਾ ਇਕ ਟਰਾਲੀ ਖੋਰੀ ਦੇ ਨਾਲ ਲੱਦੀ ਹੋਈ ਬਿਆਸ ਪਿੰਡ ਵੱਲੋਂ ਗੋਲ ਪਿੰਡ ਨੂੰ ਲਿਜਾ ਰਿਹਾ ਸੀ, ਤਾਂ ਟਰੈਕਟਰ ਚਾਲਕ ਗਾਣਿਆਂ ਦੀ ਮਸਤੀ ’ਚ ਟਰੈਕਟਰ ਚਲਾ ਰਿਹਾ ਸੀ। ਜਦੋਂ ਉਹ ਡੱਡੂ ਕਾਲੋਨੀ ਕੋਲੋਂ ਲੰਘਣ ਲੱਗਾ ਤਾਂ ਟਰਾਲੀ ਵਿਚ ਖੋਰੀ ਜ਼ਿਆਦਾ ਉੱਚੀ ਲੱਧੀ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ਨਾਲ ਖੋਰੀ ਨੂੰ ਅੱਗ ਲੱਗ ਗਈ।
ਅੱਗ ਇਕਦਮ ਵਧਣ ਲੱਗੀ ਅਤੇ ਟਰਾਲੀ ਚਾਲਕ ਟਰੈਕਟਰ ਉੱਪਰ ਲੱਗੇ ਹੋਏ ਮਿਊਜ਼ਿਕ ਸਿਸਟਮ ’ਤੇ ਚਲਦੇ ਗੀਤਾਂ ਦੀ ਧੁੰਨ ਵਿਚ ਟਰੈਕਟਰ ਚਲਾਉਂਦਾ ਰਿਹਾ। ਲੋਕਾਂ ਨੇ ਉਸ ਨੂੰ ਆਵਾਜ਼ਾਂ ਲਾਈਆਂ ਕਿ ਟਰਾਲੀ ਨੂੰ ਅੱਗ ਲੱਗੀ ਹੋਈ ਹੈ ਪਰ ਉਸ ਨੂੰ ਕੁਝ ਸੁਣਾਈ ਨਹੀਂ ਦਿੱਤਾ। ਜਦੋਂ ਉਹ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਜਦੀਕ ਪੁੱਜਾ ਤਾਂ ਚਾਲਕ ਨੂੰ ਪਤਾ ਲੱਗਾ। ਟਰਾਲੀ ਨੂੰ ਅੱਗ ਲੱਗੀ ਵੇਖ ਕੇ ਟਰੈਕਟਰ ਨੂੰ ਟਰਾਲੀ ਨਾਲੋਂ ਅਲੱਗ ਕੀਤਾ ਅਤੇ ਲੋਕਾਂ ਨੇ ਉਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ- ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ ; ਪੰਜਾਬ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ
ਅੱਗ ਇੰਨਾ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਕਿ ਕੁਝ ਮਿੰਟਾਂ ਵਿਚ ਹੀ ਅੱਗ ਦੀਆਂ ਉੱਚੀਆਂ ਲਪਟਾਂ ਕਾਰਨ ਧੂਆਂ ਪੂਰੇ ਇਲਾਕੇ ਵਿਚ ਫੈਲ ਗਿਆ। ਧੂਏਂ ਕਾਰਨ ਟਰਾਲੀ ਦੇ ਬਿਲਕੁਲ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਮੌਕੇ ’ਤੇ ਹਾਜ਼ਰ ਇਲਾਕੇ ਦੇ ਲੋਕਾਂ ਨੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢਿਆ ਤੇ ਨਜ਼ਦੀਕ ਦੇ ਗੁਰਦੁਆਰਾ ਸਾਹਿਬ ’ਚ ਬਿਠਾਇਆ ਗਿਆ।
ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਜਲੰਧਰ ਤੇ ਆਦਮਪੁਰ ਤੋਂ ਦੋ ਗੱਡੀਆਂ ਪਹੁੰਚੀਆਂ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਅੱਗ ਉੱਪਰ ਕਾਬੂ ਪਾਉਣ ਲਈ ਲਗਭਗ ਦੋ ਘੰਟੇ ਤੱਕ ਭਾਰੀ ਮਸ਼ੱਕਤ ਕਰਨੀ ਪਈ। ਇਸ ਘਟਨਾ ਵਿਚ ਜਾਨ-ਮਾਲ ਦਾ ਬਚਾਅ ਹੋ ਗਿਆ। ਟਰਾਲੀ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ।
ਮੌਕੇ ’ਤੇ ਅਲਾਵਲਪੁਰ ਪੁਲਸ ਪਾਰਟੀ ਵੀ ਪਹੁੰਚੀ। ਬਿਜਲੀ ਵਿਭਾਗ ਕਰਮਚਾਰੀਆਂ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਬਿਜਲੀ ਦੀਆਂ ਤਾਰਾਂ, ਖੰਭੇ ਅਤੇ ਸਪਲਾਈ ਦੀ ਜਾਂਚ ਕੀਤੀ ਗਈ। ਇਸ ਘਟਨਾ ਦੌਰਾਨ ਕਸਬਾ ਅਲਾਵਲਪੁਰ ’ਚ ਬਿਜਲੀ ਸਪਲਾਈ ਕੁਝ ਥਾਵਾਂ ’ਤੇ ਬੰਦ ਰਹੀ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e