CM ਚੰਨੀ ਨੇ ਨਰਮਾ ਉਤਪਾਦਕਾਂ ਨੂੰ ਨਿਗੂਣਾ ਤੇ ਅੰਸ਼ਿਕ ਮੁਆਵਜ਼ਾ ਦੇ ਕੇ ਕਿਸਾਨਾਂ ਨਾਲ ਕੀਤਾ ਧੋਖਾ: ਅਕਾਲੀ ਦਲ

Saturday, Oct 30, 2021 - 11:37 PM (IST)

CM ਚੰਨੀ ਨੇ ਨਰਮਾ ਉਤਪਾਦਕਾਂ ਨੂੰ ਨਿਗੂਣਾ ਤੇ ਅੰਸ਼ਿਕ ਮੁਆਵਜ਼ਾ ਦੇ ਕੇ ਕਿਸਾਨਾਂ ਨਾਲ ਕੀਤਾ ਧੋਖਾ: ਅਕਾਲੀ ਦਲ

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੇ ਨਾਲ-ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਕਾਰਨ ਮਾਲਵਾ ਇਲਾਕੇ ’ਚ ਲੱਖਾਂ ਏਕੜ ’ਚ ਨਰਮੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋਣ ਦੇ ਮਾਮਲੇ ’ਚ ਨਿਗੂਣਾ ਤੇ ਅੰਸ਼ਿਕ ਮੁਆਵਜ਼ਾ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਚਿੱਟੀ ਮੱਖੀ ਕਾਰਨ ਹੋਏ ਕਿਸਾਨਾਂ ਦੇ ਨੁਕਸਾਨ ਵੇਲੇ ਖੇਤ ਮਜ਼ਦੂਰਾਂ ਨੁੰ ਵਿੱਤੇ ਪੈਕੇਜ ਦੇਣ ਦੀ ਤਰਜ਼ ’ਤੇ ਕਾਂਗਰਸ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ।

ਇਹ ਵੀ ਪੜ੍ਹੋ - ਸਿੱਧੂ ਨੇ ਟਾਈਟਲਰ ਦੀ ਕੁਲੀਨ ਪੈਨਲ 'ਚ ਨਿਯੁਕਤੀ 'ਤੇ ਇਤਰਾਜ਼ ਕਿਉਂ ਨਹੀਂ ਜਤਾਇਆ: ਪਰਮਬੰਸ ਸਿੰਘ ਰੋਮਾਣਾ

ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨਾਂ ਵੱਲੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਅੰਸ਼ਿਕ ਮੁਆਵਜ਼ਾ ਨੀਤੀ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਧੋਖਾ ਦੇਣਾ ਚਾਹੁੰਦੀ ਹੈ ਕਿਉਂਕਿ ਇਸ ਨੇ 35 ਫੀਸਦੀ ਨੁਕਸਾਨ ਲਈ ਸਿਰਫ 2000 ਰੁਪਏ ਰੱਖੇ ਹਨ, ਜਦਕਿ 75 ਫੀਸਦੀ ਦੇ ਨੁਕਸਾਨ ਲਈ 5400 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੂਤਰ ਸਾਰੇ ਕਿਸਾਨਾਂ ਨੂੰ ਇਸੇ ਦਾਇਰੇ ’ਚ ਲਿਆਉਣਾ ਚਾਹੁੰਦੇ ਹਨ ਤੇ ਉਹ ਆਖ ਰਹੇ ਹਨ ਕਿ ਨਰਮੇ ਦੀ ਫਸਲ ਦਾ ਅੰਸ਼ਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ 100 ਫੀਸਦੀ ਨੁਕਸਾਨ ਲਈ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਨਰਮਾ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਰਲ ਕੇ ਨਿਆਂਪੂਰਨ ਤੇ ਪਾਰਦਰਸ਼ੀ ਮੁਆਵਜ਼ਾ ਮੰਗਾਂਗੇ। ਮਲੂਕਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਖੇਤ ਮਜ਼ਦੂਰਾਂ ਲਈ ਮੁਆਵਜ਼ੇ ਤੋਂ ਨਾਂਹ ਕਿਉਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਮੰਨ ਰਹੇ ਹਨ ਕਿ ਨਰਮੇ ਦੀ ਫਸਲ ਤਬਾਹ ਹੋਣ ਨਾਲ ਖੇਤ ਮਜ਼ਦੂਰਾਂ ਨੂੰ ਵੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰੋਜ਼ਗਾਰ ਖੁੱਸ ਗਿਆ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ, ਜੋ ਖੁਦ ਐੱਸ. ਸੀ. ਭਾਈਚਾਰੇ ਨਾਲ ਸਬੰਧਤ ਹਨ, ਨੇ ਕਮਜ਼ੋਰ ਵਰਗ ਲਈ ਬੇਪਰਵਾਹੀ ਨਾਲ ਕੰਮ ਕੀਤਾ ਹੈ। ਅਕਾਲੀ ਦਲ ਨੇ ਇਸ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸਾਰੇ ਖੇਤ ਮਜ਼ਦੂਰਾਂ ਵਾਸਤੇ ਵੀ 15000 ਰੁਪਏ ਮੁਆਵਜ਼ਾ ਜਾਰੀ ਕੀਤਾ ਜਾਵੇ।

ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਚੰਨੀ ਨੂੰ ਇਹ ਵੀ ਕਿਹਾ ਕਿ ਉਹ ਤਸਵੀਰਾਂ ਖਿਚਵਾਉਣੀਆਂ ਬੰਦ ਕਰ ਕੇ ਕੰਮ ਕਰਨਾ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ ਤੜਫ ਰਿਹਾ ਹੈ ਪਰ ਮੁੱਖ ਮੰਤਰੀ ਨੂੰ ਇਸਦੀ ਕੋਈ ਪਰਵਾਹ ਨਹੀਂ ਹੈ ਤੇ ਉਹ ਸਿਰਫ ਆਪਣੇ ਲਈ ਤਸਵੀਰਾਂ ਖਿਚਵਾਉਣ ’ਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ, ਜਿਨ੍ਹਾਂ ਨੂੰ ਡੀਜ਼ਲ ਕੀਮਤਾਂ ਵਿਚ ਵਾਧੇ ਦੇ ਕਾਰਨ ਅਤੇ ਡੀ. ਏ. ਪੀ. ਖਾਦ ਦੀ ਕਾਲਾਬਾਜ਼ਾਰੀ ਹੋਣ ਕਾਰਨ ਵੱਧ ਪੈਸੇ ਖਰਚ ਕਰਨੇ ਪੈ ਰਹੇ ਹਨ, ਦੀਆਂ ਤਕਲੀਫਾਂ ਘਟਾਉਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਪੂਰਨ ਕਰਜ਼ਾ ਮੁਆਫੀ ਜਾਂ ਫਿਰ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਨੂੰ ਨਹੀਂ ਨਿਭਾਇਆ। ਹੁਣ ਇਹ ਨਰਮਾ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News