ਪੰਥਕ ਸੀਟ ਖਡੂਰ ਸਾਹਿਬ ''ਤੇ ਬਦਲੇ ਸਮੀਕਰਣ, ਅੰਮ੍ਰਿਤਪਾਲ ਸਿੰਘ ਨੇ ਪਲਟ ਦਿੱਤੀ ਸਾਰੀ ਖੇਡ
Tuesday, Jun 04, 2024 - 07:45 PM (IST)
ਖਡੂਰ ਸਾਹਿਬ : ਪੰਜਾਬ ਦੇ ਸਿਆਸੀ ਹਲਕਿਆਂ ਵਿਚ ਪੰਥਕ ਮੰਨੀ ਜਾਣ ਵਾਲੀ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਇਆ ਹੈ। ਆਜ਼ਾਦ ਤੌਰ 'ਤੇ ਮੈਦਾਨ ਵਿਚ ਉਤਰੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ 197120 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਪਾਲ ਦੀ ਇਹ ਜਿੱਤ ਪੰਜਾਬ ਭਰ ਵਿਚੋਂ ਸਭ ਤੋਂ ਵੱਡੀ ਜਿੱਤ ਹੈ। ਉਂਝ ਸਿਆਸੀ ਮਾਹਿਰ ਕਾਂਗਰਸ ਦੇ ਕੁਲਬੀਰ ਜ਼ੀਰਾ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਚਾਲੇ ਅਸਲ ਮੁਕਾਬਲਾ ਮੰਨ ਰਹੇ ਸਨ ਪਰ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੀ ਪੰਥਕ ਸੀਟ 'ਤੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸੀਟ 'ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਨੂੰ ਪਹੁੰਚਿਆ ਹੈ, ਜਿਸ ਦੇ ਵਿਰਸਾ ਸਿੰਘ ਵਲਟੋਹਾ ਚੌਥੇ ਨੰਬਰ 'ਤੇ ਆ ਗਏ ਹਨ। ਆਲਮ ਇਹ ਹੈ ਕਿ ਪੰਥ ਹਿਤੈਸ਼ੀ ਕਹਾਉਣ ਵਾਲਾ ਅਕਾਲੀ ਦਲ ਇਥੇ ਭਾਜਪਾ ਤੋਂ ਸਿਰਫ 43 ਵੋਟਾਂ ਅੱਗੇ ਹੈ। ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਨੂੰ ਇਥੇ 86373 ਵੋਟਾਂ ਹਾਸਲ ਹੋਈਆਂ ਹਨ, ਜਦਕਿ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ 86416 'ਤੇ ਹਨ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ 404430 ਰਿਕਾਰਡ ਵੋਟਾਂ ਹਾਸਲ ਹੋਈਆਂ ਹਨ।
ਇਹ ਵੀ ਪੜ੍ਹੋ : ਖਡੂਰ ਸਾਹਿਬ ਸੀਟ 'ਤੇ ਅੰਮ੍ਰਿਤਪਾਲ ਸਿੰਘ ਦੀ ਪੰਜਾਬ 'ਚੋਂ ਸਭ ਤੋਂ ਵੱਡੀ ਜਿੱਤ, 197120 ਵੋਟਾਂ ਦੇ ਫਰਕ ਨਾਲ ਦਿੱਤੀ ਮਾਤ
ਕੀ ਹੈ ਖਡੂਰ ਸਾਹਿਬ ਹਲਕੇ ਦਾ ਇਤਿਹਾਸ
ਖਡੂਰ ਸਾਹਿਬ ਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ 3। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ 75.15 ਫੀਸਦੀ ਵਸੋਂ ਸਿੱਖਾਂ ਦੀ ਹੈ।ਇਸ ਲੋਕ ਸਭਾ ਹਲਕੇ ਅਧੀਨ ਵਿਧਾਨ ਸਭਾ ਦੇ 9 ਹਲਕੇ ਪੈਂਦੇ ਹਨ, ਜਿਸ ਵਿੱਚ ਜੰਡਿਆਲਾ, ਖੇਮਕਰਨ, ਤਰਨਤਾਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜੀਰਾ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਇਸ ਵਾਰ 15 ਲੱਖ 63 ਹਜ਼ਾਰ 409 ਵੋਟਰ ਆਪਣਾ ਫ਼ੈਸਲਾ ਸੁਣਾਉਣਗੇ। 2009, 2014 ਅਤੇ 2019 ਵਿੱਚ ਇਸ ਸੀਟ 'ਤੇ ਹੋਈਆਂ ਆਮ ਚੋਣਾਂ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਸੀ। 2009 ਅਤੇ 2014 ਵਿਚ ਇਹ ਸੀਟ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ। 2009 ਵਿਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਤਨ ਸਿੰਘ ਅਜਨਾਲਾ ਚੁਣੇ ਗਏ ਸਨ, ਜਦੋਂ ਕਿ ਪੰਜ ਸਾਲ ਬਾਅਦ 2014 ਵਿਚ ਹੋਈਆਂ ਆਮ ਚੋਣਾਂ ਵਿਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਿੱਸੇ ਗਈ ਸੀ। ਬ੍ਰਹਮਪੁਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 2019 ਵਿੱਚ ਇਸ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਜੇਕਰ 2019 ਦੀਆਂ ਆਮ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਇਸ ਸੀਟ 'ਤੇ ਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਏਕਤਾ ਪਾਰਟੀ ਵਿਚਾਲੇ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 44 ਫੀਸਦੀ (4 ਲੱਖ 59 ਹਜ਼ਾਰ 710) ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਕਰੀਬ 31 ਫੀਸਦੀ ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ। ਤੀਜੇ ਨੰਬਰ 'ਤੇ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ ਰਹੀ, ਜਿਨ੍ਹਾਂ ਨੂੰ ਕੁੱਲ ਵੋਟਾਂ ਦਾ ਲਗਭਗ 21 ਫੀਸਦੀ ਵੋਟਾਂ ਮਿਲੀਆਂ।