ਇੰਤਜ਼ਾਰ ਖ਼ਤਮ: ਅੱਜ ਕੈਪਟਨ ਦੇ ਮਿਲ ਰਹੇ ਨੇ ਸਮਾਰਟ ਫੋਨ
Wednesday, Aug 12, 2020 - 06:42 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸੂਬਾ ਪੱਧਰ 'ਤੇ 92 ਕਰੋੜ ਦੀ ਲਾਗਤ ਵਾਲੀ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਆਗਾਜ਼ ਕੀਤਾ ਤਾਂ ਪੰਜਾਬ ਨੇ ਡਿਜੀਟਲ ਖੇਤਰ 'ਚ ਇਕ ਹੋਰ ਵੱਡੀ ਪੁਲਾਂਘ ਪੁੱਟੀ। ਮੁੱਖ ਮੰਤਰੀ ਨੇ ਸੰਕੇਤਕ ਰੂਪ 'ਚ ਬਾਰਵੀਂ ਜਮਾਤ ਦੇ ਛੇ ਵਿਦਿਆਥੀਆਂ ਨੂੰ ਨਿੱਜੀ ਤੌਰ 'ਤੇ ਸਮਾਰਟ ਫੋਨ ਸੌਂਪੇ।ਇਸ ਦੇ ਨਾਲ ਹੀ ਸੂਬੇ ਭਰ 'ਚ 26 ਵੱਖ-ਵੱਖ ਥਾਵਾਂ 'ਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰਾਂ ਨੇ ਸਕੀਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ। ਇਸ ਸਕੀਮ ਦੇ ਆਰੰਭ ਵਜੋਂ ਵੱਖ-ਵੱਖ ਜ਼ਿਲ੍ਹਿਆਂ 'ਚ ਹਰੇਕ ਮੰਤਰੀ ਨੇ ਅੱਜ ਵਿਦਿਆਰਥੀਆਂ ਨੂੰ 20-20 ਫੋਨ ਨਿੱਜੀ ਤੌਰ 'ਤੇ ਵੰਡੇ, ਜਿਸ ਨਾਲ ਸੂਬੇ 'ਚ ਕਾਂਗਰਸ ਸਰਕਾਰ ਨੇ ਆਪਣੇ ਇਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।
ਇਸ ਸਕੀਮ ਤਹਿਤ ਸਾਲ 2017-18 ਦੇ ਸੂਬਾਈ ਬਜਟ 'ਚ 100 ਕਰੋੜ ਰੁਪਏ ਰੱਖੇ ਗਏ ਸਨ ਅਤੇ ਇਸ ਦੇ ਪਹਿਲੇ ਪੜਾਅ ਜੋ ਨਵੰਬਰ, 2020 ਤੱਕ ਮੁਕੰਮਲ ਹੋਵੇਗਾ, ਵਿੱਚ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ।ਇਨ੍ਹਾਂ ਵਿਦਿਆਰਥੀਆਂ 'ਚ 87,395 ਮੁੰਡੇ ਅਤੇ 86,620 ਕੁੜੀਆਂ ਹਨ ਜਿਨ੍ਹਾਂ 'ਚੋਂ ਵੱਡੀ ਗਿਣਤੀ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਹੈ।
ਇਸ ਕਰਕੇ ਇਸ ਸਕੀਮ ਨਾਲ ਆਨਲਾਈਨ/ਡਿਜੀਟਲ ਸਿੱਖਿਆ ਤੱਕ ਪਹੁੰਚ ਕਰਨ ਲਈ ਇਨ੍ਹਾਂ ਵਿਦਿਆਰਥੀਆਂ ਦੇ ਰਸਤੇ 'ਚ ਰੁਕਾਵਟਾਂ ਖੜ੍ਹੀਆਂ ਹੋਣ ਕਰਕੇ ਪੈਦਾ ਹੁੰਦੇ ਪਾੜੇ ਨੂੰ ਹੁਣ ਪੂਰਿਆ ਜਾ ਸਕੇਗਾ। ਸਕੀਮ ਦੇ ਘੇਰੇ ਹੇਠ ਆਉਣ ਵਾਲੇ ਵਿਦਿਆਰਥੀਆਂ ਵਿੱਚ 36,555 ਲਾਭਪਾਤਰੀ ਓ.ਬੀ.ਸੀ., 94,832 ਐਸ.ਸੀ. ਅਤੇ 13 ਵਿਦਿਆਰਥੀ ਐਸ.ਟੀ. ਨਾਲ ਸਬੰਧਤ ਹਨ। ਵੱਡੀ ਗਿਣਤੀ ਵਿੱਚ ਵਿਦਿਆਰਥੀ ਪੇਂਡੂ ਇਲਾਕਿਆਂ ਤੋਂ ਹਨ ਜਿਨ੍ਹਾਂ ਦੀ ਗਿਣਤੀ 1,11,857 ਹੈ ਅਤੇ ਬਾਕੀ ਸ਼ਹਿਰਾਂ ਦੇ ਸਰਕਾਰੀ ਸਕੂਲ ਨਾਲ ਸਬੰਧਤ ਹਨ।
ਕਿਸ ਜ਼ਿਲ੍ਹੇ 'ਚ ਕਿੰਨੇ ਸਮਾਰਟਫ਼ੋਨ ਦਿੱਤੇ ਜਾਣਗੇ
ਅੰਮ੍ਰਿਤਸਰ – 13471, ਬਰਨਾਲਾ – 3792, ਬਠਿੰਡਾ - 8955, ਫਰੀਦਕੋਟ - 3812, ਫ਼ਤਹਿਗੜ੍ਹ ਸਾਹਿਬ - 3991, ਫਾਜ਼ਿਲਕਾ - 8663, ਫਿਰੋਜ਼ਪੁਰ - 5168, ਗੁਰਦਾਸਪੁਰ - 12703, ਹੁਸ਼ਿਆਰਪੁਰ - 10584, ਜਲੰਧਰ - 11894, ਕਪੂਰਥਲਾ - 4306, ਲੁਧਿਆਣਾ - 16682, ਮਾਨਸਾ - 6227, ਮੋਗਾ - 6348, ਸ਼੍ਰੀ ਮੁਕਤਸਰ ਸਾਹਿਬ - 6175, ਪਟਿਆਲਾ - 13926, ਪਠਾਨਕੋਟ - 5283, ਰੂਪਨਗਰ - 4721, ਸੰਗਰੂਰ - 11179, ਐੱਸ. ਏ. ਐੱਸ. ਨਗਰ - 5686, ਐੱਸ. ਬੀ. ਐੱਸ. ਨਗਰ -3762 ਤਰਨਤਾਰਨ - 6417।
ਜ਼ਿਕਰਯੋਗ ਹੈ ਕਿ ਕੈਪਟਨ ਵਲੋਂ ਚੋਣਾਂ ਦੌਰਾਨ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੇ ਅੱਜ ਸਾਢੇ ਤਿੰਨ ਸਾਲ ਬਾਅਦ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਕੈਪਟਨ ਦੇ ਵੰਡੇ ਇਸ ਫੋਨ ਨੂੰ ਆਨ ਕਰਦੇ ਹੀ ਕੈਪਟਨ ਦੀ ਤਸਵੀਰ ਆ ਜਾਵੇਗੀ।