ਚੰਡੀਗੜ੍ਹ ਵਿਖੇ ਸਨਾਤਨ ਸਨਮਾਨ ਸਮਾਰੋਹ 16 ਸਤੰਬਰ ਨੂੰ

Sunday, Sep 13, 2026 - 08:49 PM (IST)

ਚੰਡੀਗੜ੍ਹ ਵਿਖੇ ਸਨਾਤਨ ਸਨਮਾਨ ਸਮਾਰੋਹ 16 ਸਤੰਬਰ ਨੂੰ

ਚੰਡੀਗੜ੍ਹ: ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ‘ਸਨਾਤਨ ਸਨਮਾਨ ਸਮਾਰੋਹ’ ਦਾ ਆਯੋਜਨ 16 ਸਤੰਬਰ, ਬੁੱਧਵਾਰ ਨੂੰ ਮਾਊਂਟ ਵਿਊ ਹੋਟਲ, ਸੈਕਟਰ-10, ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।

ਸਮਾਗਮ ਦੀਆਂ ਤਿਆਰੀਆਂ ਅਤੇ ਪੰਜਾਬ ਵਿਚ ਸੰਸਥਾ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਅੱਜ ਵਿਸ਼ਵ ਸਨਾਤਨ ਧਰਮ ਸਭਾ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਜੀ ਦੀ ਪ੍ਰਧਾਨਗੀ ਹੇਠ ਪੰਜਾਬ ਕੋਰ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿਚ ਦੇਵੀ ਦਿਆਲ ਪ੍ਰਾਸ਼ਰ, ਮਹੇਸ਼ ਗੁਪਤਾ, ਰਾਜ ਗਰਗ ਲੰਬੜਦਾਰ, ਸ਼ਿਵ ਕੁਮਾਰ ਕਲਿਆਣ, ਬੁੱਧੇਸ਼ ਅਗਰਵਾਲ, ਗੁਲਸ਼ਨ ਮਹਾਜਨ, ਭਾਰਤ ਭੂਸ਼ਣ ਬਿੰਟਾ ਅਤੇ ਅੰਮ੍ਰਿਤਸਰ ਤੋਂ ਸੁਰਿੰਦਰ ਗੋਗਾ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

ਮੀਟਿੰਗ ਦੌਰਾਨ ਪੰਜਾਬ ਵਿਚ ਸਨਾਤਨ ਸਮਾਜ ਦੀ ਏਕਤਾ, ਅਖੰਡਤਾ, ਆਪਸੀ ਸਦਭਾਵਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਭਾ ਵੱਲੋਂ ਸੰਕਲਪ ਲਿਆ ਗਿਆ ਕਿ ਸਮਾਜ ਦੇ ਸਾਰੇ ਵਰਗਾਂ ਅਤੇ ਭਾਈਚਾਰਿਆਂ ਨੂੰ ਇੱਕ ਮੰਚ ’ਤੇ ਲਿਆ ਕੇ “ਏਕਤਾ ਦਾ ਪ੍ਰਤੀਕ—ਸਾਰੇ ਇਕ ਸਮਾਨ” ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।

ਅਸ਼ਵਨੀ ਸੇਖੜੀ ਨੇ ਕਿਹਾ ਕਿ ਸਨਾਤਨ ਸਮਾਜ ਦੀ ਤਾਕਤ ਉਸ ਦੀ ਏਕਤਾ ਵਿਚ ਹੈ। ਜਾਤੀ ਅਤੇ ਵਰਗ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇਕਜੁੱਟ ਕਰਨਾ ਅਤੇ ਸਮਾਜ ਵਿੱਚ ਆਪਸੀ ਸਨਮਾਨ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੰਸਥਾ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਸਨਾਤਨ ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਉੱਤਮ ਸਮਾਜਿਕ ਅਤੇ ਧਾਰਮਿਕ ਕਾਰਜ ਕਰਨ ਵਾਲੇ, ਸਨਾਤਨ ਸੰਸਕ੍ਰਿਤੀ ਨਾਲ ਜੁੜੇ ਰਹਿਣ ਵਾਲੇ ਅਤੇ ਸਮਾਜ ਵਿਚ ਸੇਵਾ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਸੰਸਥਾ ਦੇ ਸਰਪ੍ਰਸਤ ਅਤੇ ਪੰਜਾਬ ਦੇ ਸੰਗਠਨ ਮੰਤਰੀ ਮੈਥਿਲੀ ਸ਼੍ਰੀਨਿਵਾਸੁਲੂ ਜੀ ਸਮੇਤ ਸੰਸਥਾ ਦੇ ਸੀਨੀਅਰ ਅਹੁਦੇਦਾਰ ਵੀ ਹਾਜ਼ਰ ਰਹਿਣਗੇ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਦੇ ਯਤਨ ਸਿਰਫ਼ ਮੌਜੂਦਾ ਪੀੜ੍ਹੀ ਤੱਕ ਸੀਮਿਤ ਨਹੀਂ ਰਹਿਣਗੇ। ਨਵੀਂ ਪੀੜ੍ਹੀ ਨੂੰ ਆਪਣੀ ਸਭਿਅਤਾ, ਸੰਸਕ੍ਰਿਤੀ, ਸੰਸਕਾਰਾਂ, ਸਨਾਤਨ ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਨਾਲ ਜੋੜਨ ਲਈ ਭਵਿੱਖ ਵਿੱਚ ਵੀ ਲਗਾਤਾਰ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ “ਏਕਤਾ ਦਾ ਪ੍ਰਤੀਕ—ਸਾਰੇ ਇੱਕ ਸਮਾਨ” ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਪ੍ਰਣ ਲਿਆ।


author

Anmol Tagra

Content Editor

Related News