ਚੰਡੀਗੜ੍ਹ ਦੇ ਸਦਰ ਬਾਜ਼ਾਰ ਤੇ ਸ਼ਾਸਤਰੀ ਮਾਰਕਿਟ ਲਈ ਜਾਰੀ ਹੋਇਆ ਸਖ਼ਤ ਫ਼ਰਮਾਨ, ਜਾਣੋ ਕੀ ਹੈ ਪੂਰਾ ਮਾਮਲਾ

Tuesday, Apr 25, 2023 - 11:02 AM (IST)

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਦੇ ਲੇਬਰ ਵਿਭਾਗ ਨੇ ਸੋਮਵਾਰ ਨੂੰ ਸੈਕਟਰ-22 ਸਥਿਤ ਸ਼ਾਸਤਰੀ ਮਾਰਕਿਟ ਅਤੇ ਸੈਕਟਰ-19 ਸਥਿਤ ਸਦਰ ਬਾਜ਼ਾਰ ਮਾਰਕਿਟ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਉਹ ਸੋਮਵਾਰ ਨੂੰ ਆਪਣੀ ਮਾਰਕਿਟ ਨੂੰ ਬੰਦ ਰੱਖਣ। ਅਜਿਹਾ ਨਾ ਕਰਨ ’ਤੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀ ਟੀਮ ਵਲੋਂ ਸੋਮਵਾਰ ਨੂੰ ਮਾਰਕਿਟ 'ਚ ਚੈਕਿੰਗ ਵੀ ਕੀਤੀ ਗਈ ਅਤੇ ਇਸ ਦੌਰਾਨ ਕੁੱਝ ਦੁਕਾਨਾਂ ਖੁੱਲ੍ਹੀਆਂ ਪਾਈਆਂ ਗਈਆਂ। ਵਿਭਾਗ ਨੇ ਅਜਿਹੀਆਂ ਦੁਕਾਨਾਂ ਦੀ ਜਾਣਕਾਰੀ ਜੁਟਾ ਕੇ ਅੱਗੇ ਕਾਰਵਾਈ ਲਈ ਉੱਚ ਅਧਿਕਾਰੀ ਨੂੰ ਭੇਜ ਦਿੱਤੀ ਹੈ। ਦਰਅਸਲ, ਮਾਰਕਿਟ ਵਿਚੋਂ ਹੀ ਕੁੱਝ ਦੁਕਾਨਦਾਰਾਂ ਦੀ ਸ਼ਿਕਾਇਤ ਸੀ ਕਿ ਕਈ ਦੁਕਾਨਦਾਰਾਂ ਵਲੋਂ ਸੋਮਵਾਰ ਨੂੰ ਵੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾਂਦੀਆਂ ਹਨ, ਜਦੋਂ ਕਿ ਇਨ੍ਹੀਂ ਦਿਨੀਂ ਦੁਕਾਨਾਂ ਬੰਦ ਰੱਖਣੀਆ ਚਾਹੀਦੀਆਂ ਹਨ।
ਵਿਭਾਗ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ
ਇਸ ਸਬੰਧ 'ਚ ਅਸਿਸਟੈਂਟ ਲੇਬਰ ਕਮਿਸ਼ਨਰ ਨਵੀਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਸੋਮਵਾਰ ਨੂੰ ਵੀ ਦੁਕਾਨਾਂ ਖੁੱਲ੍ਹੀਆਂ ਰੱਖਣ ਨੂੰ ਲੈ ਕੇ ਸ਼ਿਕਾਇਤ ਆ ਰਹੀ ਸੀ, ਜਿਸ ਕਾਰਨ ਹੀ ਉਨ੍ਹਾਂ ਨੇ ਇਹ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਿਯਮਾਂ ਦੇ ਤਹਿਤ ਹਫ਼ਤੇ 'ਚ ਇਕ ਦਿਨ ਦੁਕਾਨਾਂ ਬੰਦ ਰੱਖਣੀਆਂ ਹੁੰਦੀਆਂ ਹਨ ਅਤੇ ਇਸ ਮਾਰਕਿਟ ਲਈ ਸੋਮਵਾਰ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ ਪਰ ਬਾਵਜੂਦ ਇਸ ਦੇ ਦੁਕਾਨਾਂ ਖੁੱਲ੍ਹੀਆਂ ਰੱਖਣਾ ਗਲਤ ਹੈ ਅਤੇ ਵਿਭਾਗ ਵਲੋਂ ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਸੋਮਵਾਰ ਨੂੰ ਮਾਰਕਿਟਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਅਤੇ ਜੋ ਦੁਕਾਨਾਂ ਖੁੱਲ੍ਹੀਆਂ ਪਾਈਆਂ ਗਈਆਂ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਇਲੇਸ਼ਨ ’ਤੇ 2 ਤੋਂ 5 ਹਜ਼ਾਰ ਰੁਪਏ ਤੱਕ ਦਾ ਚਲਾਨ ਜਾਰੀ ਕੀਤਾ ਜਾਂਦਾ ਹੈ। ਜੇਕਰ ਬਾਵਜੂਦ ਇਸ ਦੇ ਵਾਇਲੇਸ਼ਨ ਜਾਰੀ ਰਹਿੰਦੀ ਹੈ ਤਾਂ ਨਿਯਮਾਂ ਤਹਿਤ ਸਜ਼ਾ ਦੀ ਵਿਵਸਥਾ ਵੀ ਹੈ। ਵਿਭਾਗ ਵਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ 19 ਨਵੰਬਰ, 2001 ਦੇ ਨੋਟੀਫਿਕੇਸ਼ਨ ਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਾਸਤਰੀ ਮਾਰਕਿਟ ਅਤੇ ਸਦਰ ਬਾਜ਼ਾਰ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਲਈ ਐਤਵਾਰ ਦੀ ਜਗ੍ਹਾ ਸੋਮਵਾਰ ਦਾ ਦਿਨ ਨਿਰਧਾਰਿਤ ਕੀਤਾ ਹੈ, ਇਸ ਲਈ ਸੋਮਵਾਰ ਨੂੰ ਦੁਕਾਨਾਂ ਬੰਦ ਰੱਖੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਦੇ ਬੇਟੇ ਨੇ ਅਦਾਲਤ 'ਚ ਹੀ ਜਾਂਚ ਅਧਿਕਾਰੀ ਨੂੰ ਦੇ ਦਿੱਤੀ ਧਮਕੀ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ
ਆਖ਼ਰੀ ਸੋਮਵਾਰ ਨੂੰ ਦੁਕਾਨਾਂ ਰੱਖਦੇ ਹਾਂ ਬੰਦ : ਐਸੋਸੀਏਸ਼ਨ
ਸੈਕਟਰ-22 ਸ਼ਾਸਤਰੀ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਰਕਿਟ ਨੂੰ ਮਹੀਨੇ ਦੇ ਆਖ਼ਰੀ ਸੋਮਵਾਰ ਨੂੰ ਬੰਦ ਰੱਖਦੇ ਹਨ ਅਤੇ ਇਸ ’ਤੇ ਐਸੋਸੀਏਸ਼ਨ ਦੀ ਸਹਿਮਤੀ ਬਣੀ ਹੋਈ ਹੈ। ਜੇਕਰ ਮਹੀਨੇ 'ਚ ਇਕ ਤੋਂ ਜ਼ਿਆਦਾ ਦਿਨ ਮਾਰਕਿਟ ਬੰਦ ਰੱਖਣੀਆਂ ਵੀ ਹਨ ਤਾਂ ਇਸ ਸਬੰਧੀ ਐਸੋਸੀਏਸ਼ਨ ਵਲੋਂ ਹੀ ਕੋਈ ਵੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੇਬਰ ਵਿਭਾਗ ਦੇ ਅਧਿਕਾਰੀਆਂ ਦਾ ਫ਼ੋਨ ਆਇਆ ਸੀ ਕਿ ਮਾਰਕਿਟ 'ਚ ਸੋਮਵਾਰ ਨੂੰ ਵੀ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ ਹਨ, ਜਦੋਂ ਕਿ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਆਖ਼ਰੀ ਸੋਮਵਾਰ ਨੂੰ ਉਹ ਦੁਕਾਨਾਂ ਬੰਦ ਰੱਖਦੇ ਹਨ ਅਤੇ ਉਹ ਮਾਰਕਿਟ ਆ ਕੇ ਚੈੱਕ ਵੀ ਕਰ ਸਕਦੇ ਹਨ। ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਮਾਰਕਿਟ 'ਚ ਚੈਕਿੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਭਗੌੜੇ ਕਰਾਰ ਹੋ ਸਕਦੇ ਨੇ ਪੰਜਾਬ ਦੇ ਇਹ ਅਕਾਲੀ ਆਗੂ! ਪੜ੍ਹੋ ਪੂਰੀ ਖ਼ਬਰ
ਪੁਰਾਣੀ ਪ੍ਰੀਕਿਰਿਆ ਦਾ ਕਰ ਰਹੇ ਹਾਂ ਪਾਲਣ : ਸੈਕਟਰ-19 ਸਦਰ ਬਾਜ਼ਾਰ ਕਮੇਟੀ
ਉੱਥੇ ਹੀ ਸੈਕਟਰ-19 ਸਦਰ ਬਾਜ਼ਾਰ ਕਮੇਟੀ ਦੇ ਪ੍ਰਧਾਨ ਵਿਜੇ ਪਾਲ ਨੇ ਦੱਸਿਆ ਕਿ ਵਿਭਾਗ ਦੇ ਹੁਕਮ ਆਏ ਹਨ ਪਰ ਪਿਛਲੇ ਕਈ ਸਾਲਾਂ ਤੋਂ ਉਹ ਮਹੀਨੇ ਦੇ ਆਖ਼ਰੀ ਸੋਮਵਾਰ ਨੂੰ ਹੀ ਆਪਣੀਆਂ ਦੁਕਾਨਾਂ ਬੰਦ ਰੱਖਦੇ ਆਏ ਹਨ ਅਤੇ ਇਸ ਪ੍ਰੀਕਿਰਿਆ ਦੀ ਪਾਲਣਾ ਵੀ ਕਰ ਰਹੇ ਹਨ। ਦੱਸਣਯੋਗ ਹੈ ਕਿ ਸੋਮਵਾਰ ਨੂੰ ਵੀ ਦੁਕਾਨਾਂ ਖੁੱਲ੍ਹੀਆਂ ਰੱਖਣ ਨੂੰ ਲੈ ਕੇ ਵਿਭਾਗ ਕੋਲ ਪਿਛਲੇ ਕੁੱਝ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ਤੋਂ ਬਾਅਦ ਹੀ ਵਿਭਾਗ ਨੇ ਮਾਰਕਿਟ ਦੀ ਚੈਕਿੰਗ ਵੀ ਕਾਰਵਾਈ ਸੀ ਅਤੇ ਵਾਇਲੇਸ਼ਨ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਸਬੰਧੀ ਨੋਟਿਸ ਜਾਰੀ ਕਰਕੇ ਅੱਗੇ ਦੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News