ਤਿਓਹਾਰੀ ਸੀਜ਼ਨ ਦੌਰਾਨ ''ਟਰੇਨਾਂ'' ਫੁੱਲ, ਵੇਟਿੰਗ 100 ਤੋਂ ਜ਼ਿਆਦਾ ਹੋਣ ਕਾਰਨ ਮੁਸਾਫ਼ਰ ਪਰੇਸ਼ਾਨ

10/16/2021 11:44:14 AM

ਚੰਡੀਗੜ੍ਹ (ਲਲਨ) : ਤਿਓਹਾਰੀ ਸੀਜ਼ਨ ਦੀਵਾਲੀ ਅਤੇ ਛੱਠ ਪੂਜਾ ਲਈ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਸੂਬਿਆਂ ਦੇ ਲੋਕ ਘਰ ਜਾਣ ਦੀ ਜਿੱਥੇ ਤਿਆਰੀ ਕਰ ਰਹੇ ਹਨ, ਉੱਥੇ ਹੀ ਇਨ੍ਹਾਂ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਫੁੱਲ ਹੋ ਚੁੱਕੀਆਂ ਹਨ। ਚੰਡੀਗੜ੍ਹ ਅਤੇ ਅੰਬਾਲਾ ਤੋਂ ਜਾਣ ਵਾਲੀਆਂ ਟਰੇਨਾਂ ਵਿਚ ਵੇਟਿੰਗ ਹੁਣ ਤੋਂ ਹੀ 100 ਤੋਂ ਜ਼ਿਆਦਾ ਚੱਲ ਰਹੀ ਹੈ। ਉੱਥੇ ਹੀ ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਵੇਟਿੰਗ ਟਿਕਟ ਵਾਲੇ ਮੁਸਾਫ਼ਰ ਟਰੇਨ ਵਿਚ ਸਫ਼ਰ ਨਹੀਂ ਕਰ ਸਕਦੇ। ਅਜਿਹੇ ਵਿਚ ਯੂ. ਪੀ. ਅਤੇ ਬਿਹਾਰ ਜਾਣ ਵਾਲੇ ਲੋਕਾਂ ਨੂੰ ਖ਼ਾਸੀ ਮੁਸ਼ਕਿਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰਾ ਸਾਲ ਇੰਤਜ਼ਾਰ ਕਰਦੇ ਹਨ ਕਿ ਉਹ ਦੀਵਾਲੀ ਅਤੇ ਛੱਠ ਪੂਜਾ ’ਤੇ ਘਰ ਜਾਣਗੇ ਪਰ ਸਪੈਸ਼ਲ ਟਰੇਨਾਂ ਵਿਚ ਵੀ ਲੰਬੀ ਵੇਟਿੰਗ ਲਿਸਟ ਚੱਲ ਰਹੀ ਹੈ। ਰੇਲਵੇ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਛੇਤੀ ਹੀ 3-4 ਵਾਧੂ ਸਪੈਸ਼ਲ ਟਰੇਨਾਂ ਚਲਾਵੇ, ਤਾਂ ਕਿ ਲੋਕ ਆਪਣਿਆਂ ਨਾਲ ਤਿਉਹਾਰ ਮਨਾ ਸਕਣ।

ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦੇ 33 ਮਰੀਜ਼ ਆਏ ਸਾਹਮਣੇ, ਹੁਣ ਤੱਕ ਕੁੱਲ 398 ਮਰੀਜ਼ਾਂ ਦੀ ਪੁਸ਼ਟੀ
ਕੋਵਿਡ ਦੌਰਾਨ ਬੰਦ ਹੋਈਆਂ ਟਰੇਨਾਂ ਨਹੀਂ ਹੋਈਆਂ ਸ਼ੁਰੂ
ਕੋਵਿਡ ਤੋਂ ਪਹਿਲਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 50 ਤੋਂ ਜ਼ਿਆਦਾ ਟਰੇਨਾਂ ਦੀ ਆਵਾਜਾਈ ਹੁੰਦੀ ਸੀ ਪਰ ਮਹਾਮਾਰੀ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੇ ਕਈ ਟਰੇਨਾਂ ਨੂੰ ਬੰਦ ਕਰ ਦਿੱਤਾ ਹੈ। ਹੁਣ ਜਦੋਂ ਸਭ ਆਮ ਲੱਗ ਰਿਹਾ ਹੈ, ਇਸ ਦੇ ਬਾਵਜੂਦ ਵੀ ਰੇਲਵੇ ਵੱਲੋਂ ਇਨ੍ਹਾਂ ਟਰੇਨਾਂ ਨੂੰ ਦੁਬਾਰਾ ਸ਼ੁਰੂ ਨਹੀਂ ਕੀਤਾ ਗਿਆ। ਮੌਜੂਦਾ ਸਮੇਂ ਵਿਚ ਰੇਲਵੇ ਸਟੇਸ਼ਨ ਤੋਂ ਸਿਰਫ 34 ਟਰੇਨਾਂ ਦੀ ਆਵਾਜਾਈ ਹੈ। ਅਜਿਹੇ ਵਿਚ ਮੁਸਾਫ਼ਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰਾਈਸਿਟੀ ਅਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਇੰਡਸਟ੍ਰੀਅਲ ਏਰੀਏ ਵਿਚ ਬਾਹਰੀ ਸੂਬਿਆਂ ਦੇ 5 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਆਪਣੇ ਗ੍ਰਹਿ ਸੂਬੇ ਦੀ ਟਰੇਨ ਫੜ੍ਹਨ ਲਈ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚਦੇ ਹਨ। ਕੋਵਿਡ-19 ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਹਿਮਾਲਿਅਨ ਕੁਈਨ, ਪੈਸੰਜਰਜ਼ ਟਰੇਨਾਂ, ਯਸ਼ੰਵਤਪੁਰਾ ਐਕਸਪ੍ਰੈੱਸ ਅਤੇ ਡਿਬਰੂਗੜ੍ਹ ਐਕਸਪ੍ਰੈੱਸ ਟਰੇਨ ਅਜੇ ਤੱਕ ਬੰਦ ਹਨ।

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ 18 ਅਕਤੂਬਰ ਨੂੰ, BSF ਸਣੇ ਬਿਜਲੀ ਮੁੱਦੇ 'ਤੇ ਚਰਚਾ ਦੇ ਆਸਾਰ
ਇਨ੍ਹਾਂ ਟਰੇਨਾਂ ਵਿਚ 11 ਨਵੰਬਰ ਤੱਕ ਸੀਟ ਉਪਲੱਬਧ ਨਹੀਂ
ਗੱਡੀ ਨੰਬਰ         ਵੇਟਿੰਗ ਨੰਬਰ 
04650           100
04674            97
05904            94
05652            127
05734            83
05012            85
02232           85        

ਇਹ ਵੀ ਪੜ੍ਹੋ : ਪੰਜਾਬ 'ਚ ਉਮਰਕੈਦ ਕੱਟ ਰਹੈ ਕੈਦੀਆਂ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਰਿਹਾਈ ਦੀ ਮੰਗ      
ਚੰਡੀਗੜ੍ਹ ਤੋਂ ਦੋ ਸਪੈਸ਼ਲ ਟਰੇਨਾਂ 21 ਨਵੰਬਰ ਤੱਕ
ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਟਰੇਨਾਂ ਫੁੱਲ ਹੋਣ ਤੋਂ ਬਾਅਦ ਰੇਲਵੇ ਵੱਲੋਂ ਦੀਵਾਲੀ, ਦੁਸਹਿਰਾ ਅਤੇ ਛੱਠ ਪੂਜਾ ਸਬੰਧੀ ਚੰਡੀਗੜ੍ਹ ਤੋਂ ਗੋਰਖਪੁਰ ਲਈ 1 ਸਪੈਸ਼ਲ ਟਰੇਨ ਅਤੇ ਅੰਬਾਲਾ ਅਤੇ ਵਾਰਾਨਾਸੀ ਲਈ ਦੋ ਟਰੇਨਾਂ 14 ਅਕਤੂਬਰ ਤੋਂ 21 ਨਵੰਬਰ ਤੱਕ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ ’ਤੇ ਅਤੇ ਆਨਲਾਈਨ ਬੁਕਿੰਗ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News