ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

10/01/2020 7:21:39 PM

ਚੰਡੀਗੜ੍ਹ : ਪੰਜਾਬ ’ਚ ਹੁਣ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ ਨਹੀਂ ਹੋਵੇਗਾ। ਕੋਵਿਡ ਕੇਸਾਂ ਅਤੇ ਮੌਤ ਦਰ ’ਚ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਸਾਰੀਆਂ ਛੋਟਾਂ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਵਲੋਂ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਕੀਤੀਆਂ ਛੋਟਾਂ ਦੇ ਐਲਾਨ ’ਚ ਸੂਬੇ ਵਿਚ ਵਿਆਹ ਤੇ ਸਸਕਾਰ ਮੌਕੇ ਵਿਅਕਤੀਆਂ ਦੀ ਹੱਦ ਵਧਾ ਕੇ 100 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਰ ਵਿਚ 3 ਵਿਅਕਤੀਆਂ ਦੇ ਸਵਾਰ ਹੋਣ ਅਤੇ ਬੱਸਾਂ ਵਿਚ 50 ਫੀਸਦੀ ਸਵਾਰੀਆਂ ਦੀ ਸਮਰੱਥਾ ਵਿਚ ਵੀ ਢਿੱਲ ਦੇ ਦਿੱਤੀ ਹੈ, ਬਸ਼ਰਤੇ ਸਫਰ ਦੌਰਾਨ ਤਾਕੀਆਂ ਖੁੱਲ੍ਹੀਆਂ ਹੋਣ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਤੇ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਵੀ ਕਿਹਾ ਹੈ।ਸਕੂਲ ਅਤੇ ਵਿਦਿਅਕ ਸੰਸਥਾਵਾਂ ਖੋਲ੍ਹਣ ਬਾਰੇ ਅੰਤਿਮ ਫੈਸਲੇ ਦਾ ਐਲਾਨ ਗ੍ਰਹਿ ਸਕੱਤਰ ਅਤੇ ਸਿੱਖਿਆ ਵਿਭਾਗ ਵਿਚਾਲੇ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਹਸਪਤਾਲਾਂ ’ਚੋਂ ਛੁੱਟੀ ਹਾਸਲ ਕਰਨ ਵਾਲੇ ਗਰੀਬ ਕੋਵਿਡ ਮਰੀਜ਼ਾਂ ਲਈ ਵਿਟਾਮਿਨ ਆਦਿ ਦੇ ਪ੍ਰਬੰਧ ਦਾ ਖਿਆਲ ਰੱਖਿਆ ਜਾਵੇ। ਸੂਬੇ ਵਿਚ ਪਾਜ਼ੇਟਿਵ ਕੇਸਾਂ ਦੀ ਦਰ 14 ਸਤੰਬਰ ਨੂੰ 10.85 ਫੀਸਦੀ ਸੀ, ਜੋ ਕਿ 28 ਸਤੰਬਰ ਨੂੰ ਘਟ ਕੇ 5.12 ਫੀਸਦੀ ’ਤੇ ਆ ਗਈ। ਇਸ ਸਮੇਂ ਦੌਰਾਨ ਮੌਤ ਦਰ ਅਤੇ ਵੈਟੀਲੇਂਟਰ ਵਾਲੇ ਮਰੀਜ਼ਾਂ ਦੀ ਦਰ ਵਿਚ ਗਿਰਾਵਟ ਆਈ ਹੈ। ਸੂਬੇ ਵਿਚ ਇਸ ਵੇਲੇ ਕੋਵਿਡ ਮੌਤ ਦਰ 2.95 ਫੀਸਦੀ ਹੈ ਅਤੇ ਪ੍ਰਤੀ ਮਿਲੀਅਨ ਮੌਤਾਂ ਦੀ ਦਰ 112.5 ਫੀਸਦੀ ਹੈ। ਰਿਕਵਰੀ ਦਰ ਵਧ ਕੇ 82.1 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ

ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅਨਲਾਕ 5 ਲਈ ਕੇਂਦਰੀ ਗ੍ਰਹਿ ਮੰਤਰਾਲਾ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤਾ ਗਏ ਸਨ। 15 ਅਕਤੂਬਰ ਤੋਂ ਦੇਸ਼ 'ਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹ ਜਾਣਗੇ। ਇਸ ਦੇ ਲਈ ਸੂਚਨਾ ਪ੍ਰਸਾਰਣ ਮੰਤਰਾਲਾ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੇਸ਼ 'ਚ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ, ਪਾਰਕ, ਸਵੀਮਿੰਗ ਪੂਲ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ ਆਪਣੀ 50 ਫ਼ੀਸਦੀ ਸਮਰੱਥਾ ਨਾਲ ਹੀ ਕੰਮ ਕਰਣਗੇ। ਯਾਨੀ ਕਿ ਇੱਥੇ ਅੱਧੀ ਸੀਟ ਖਾਲੀ ਰਹੇਗੀ। ਇਸ ਸਬੰਧ 'ਚ ਦੇਸ਼ ਦਾ ਸੂਚਨਾ ਪ੍ਰਸਾਰਣ ਮੰਤਰਾਲਾ ਛੇਤੀ ਹੀ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਸਵੀਮਿੰਗ ਪੂਲ ਨੂੰ ਸਪੋਰਟਸਪਰਸਨ ਦੀ ਟ੍ਰੇਨਿੰਗ ਲਈ ਖੋਲ੍ਹਿਆ ਜਾ ਸਕੇਗਾ। 15 ਅਕਤੂਬਰ ਤੋਂ ਬਾਅਦ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਮੁੜ ਖੋਲ੍ਹਣ ਲਈ ਸੂਬਾ ਸਰਕਾਰ ਨੂੰ ਫ਼ੈਸਲਾ ਲੈਣ ਦੀ ਛੋਟ ਦਿੱਤੀ ਗਈ ਹੈ, ਮਾਤਾ-ਪਿਤਾ ਦੀ ਸਹਿਮਤੀ ਵੀ ਜ਼ਰੂਰੀ ਹੋਵੇਗੀ।


Baljeet Kaur

Content Editor

Related News