ਚੰਡੀਗੜ੍ਹ ਪੁਲਸ ਨੇ 178 ਤਸਕਰਾਂ ਨੂੰ ਇੱਕ ਸਾਲ ’ਚ ਪਹੁੰਚਾਇਆ ਸਲਾਖਾਂ ਪਿੱਛੇ

Wednesday, Jan 01, 2025 - 05:00 AM (IST)

ਚੰਡੀਗੜ੍ਹ ਪੁਲਸ ਨੇ 178 ਤਸਕਰਾਂ ਨੂੰ ਇੱਕ ਸਾਲ ’ਚ ਪਹੁੰਚਾਇਆ ਸਲਾਖਾਂ ਪਿੱਛੇ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਨੇ ਇਕ ਸਾਲ ’ਚ ਨਸ਼ਾ ਖਤਮ ਕਰਨ ਲਈ 93 ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ। ਪੁਲਸ ਨੇ ਸਾਲ 2024 ਵਿਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ 68 ਮਾਮਲੇ ਦਰਜ ਕੀਤੇ। ਇਸ ਤੋਂ ਇਲਾਵਾ ਸ਼ਰਾਬ ਤਸਕਰੀ ਦੇ 107 ਮਾਮਲਿਆਂ ਵਿਚ 110 ਤਸਕਰ ਫੜੇ। ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਪੰਜ ਕਿੱਲੋ 353 ਗ੍ਰਾਮ ਹੈਰੋਇਨ, 20.36 ਗ੍ਰਾਮ ਕੋਕੀਨ, 24.82 ਗ੍ਰਾਮ ਆਈਐਸ., ਤਿੰਨ ਕਿੱਲੋ 164 ਗ੍ਰਾਮ ਚਰਸ, ਸੱਤ ਕਿੱਲੋ 830 ਗ੍ਰਾਮ ਗਾਂਜਾ, ਦੋ ਕਿੱਲੋ 567 ਗ੍ਰਾਮ ਅਫੀਮ, ਸੱਤ ਨਸ਼ੀਲੇ ਟੀਕੇ, ਛੇ ਗ੍ਰਾਮ ਕਰੇਕ ਬਾਲ, ਦੋ ਗੱਡੀਆਂ ਅਤੇ ਪਿਸਤੌਲ ਬਰਾਮਦ ਕੀਤੀ ਹੈ।

ਇਸ ਤੋਂ ਇਲਾਵਾ ਸ਼ਰਾਬ ਦੀਆਂ 7 ਹਜ਼ਾਰ 362 ਬੋਤਲਾਂ, 483 ਹਾਫ ਸਮੇਤ ਹੋਰ ਨਸ਼ੀਲਾ ਪਦਾਰਥ ਬਰਾਮਦ ਕੀਤਾ। ਸਮਾਵੇਸ਼ ਟੀਮ ਨੇ ਇੱਕ ਸਾਲ ਵਿਚ 107 ਮੋਬਾਈਲ ਫੋਨ ਬਰਾਮਦ ਕੀਤੇ। ਛੇ ਹਜ਼ਾਰ 976 ਸੀਨੀਅਰ ਸਿਟੀਜ਼ਨਾਂ ਨਾਲ ਮੁਲਾਕਾਤ, 54 ਹਜ਼ਾਰ 829 ਨੌਕਰਾਂ ਅਤੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ, 62 ਹਜ਼ਾਰ 472 ਜਾਗਰੂਕਤਾ ਕੈਂਪ ਲਗਾਏ। ਚਾਰ ਕਤਲ ਅਤੇ ਦੁਸ਼ਕਰਮ ਦੇ ਮਾਮਲਿਆਂ ਦੇ ਮੁਲਜ਼ਮ ਮੋਨੂੰ ਕੁਮਾਰ ਨੂੰ ਤਕਨੀਕੀ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ। 8 ਸਾਲ ਦੀ ਬੱਚੀ ਦੇ ਕਤਲ ਮਾਮਲੇ ਦੀ ਜਾਂਚ ਕਰ ਹੀਰਾ ਲਾਲ ਨਾਮਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾਇਆ ਗਿਆ। ਔਰਤਾਂ ਦੀ ਸੁਰੱਖਿਆ ਲਈ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਪਿਕ ਐਂਡ ਡਰਾਪ ਦੀ ਸਹੂਲਤ ਸ਼ੁਰੂ ਕੀਤੀ ਗਈ। 2024 ਵਿਚ ਕੁੱਲ 48 ਔਰਤਾਂ ਨੇ ਇਸ ਸੇਵਾ ਦਾ ਲਾਭ ਲਿਆ।

ਬੱਲਾ ਘੁਮਾਓ, ਨਸ਼ਾ ਭਜਾਓ ਟੂਰਨਾਮੈਂਟ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋਇਆ। ਇਸ ਗਲੀ ਕ੍ਰਿਕਟ ਟੂਰਨਾਮੈਂਟ ਵਿਚ ਲੜਕਿਆਂ ਦੀਆਂ 256 ਅਤੇ ਲੜਕੀਆਂ ਦੀਆਂ 32 ਟੀਮਾਂ ਨੇ ਭਾਗ ਲਿਆ। 22 ਅਕਤੂਬਰ, 2024 ਨੂੰ ਚੰਡੀਗੜ੍ਹ ਪੁਲਸ ਨੇ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਮੁਹਿੰਮ ਚਲਾਈ। ਇਸ ਦੌਰਾਨ 37 ਲੋਕਾਂ ਨੂੰ ਮੁੜ ਵਸੇਬਾ ਕੇਂਦਰਾਂ ਵਿਚ ਭੇਜਿਆ ਗਿਆ। ਔਰਤਾਂ ਅਤੇ ਬੱਚਿਆਂ ਲਈ 221 ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ, ਜਿਸ ਵਿਚ 22,175 ਲੜਕੀਆਂ ਅਤੇ ਔਰਤਾਂ ਨੂੰ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਇਸ ਪ੍ਰੋਗਰਾਮ ਤਹਿਤ 1283 ਬੱਚਿਆਂ ਨੇ ਭਾਗ ਲਿਆ। ਔਰਤਾਂ ਅਤੇ ਲੜਕੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦਿੱਤੀ ਗਈ। 56 ਪ੍ਰੋਗਰਾਮਾਂ ਵਿਚ 15,304 ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਨਵੇਂ ਕਾਨੂੰਨਾਂ ਤਹਿਤ 1548 ਮਾਮਲਿਆਂ ਦਾ ਕੀਤਾ ਗਿਆ ਨਿਪਟਾਰਾ
ਐੱਨ.ਡੀ.ਪੀ.ਐੱਸ ਐਕਟ ਤਹਿਤ 28 ਮਾਮਲੇ ਦਰਜ, ਆਰਮਜ਼ ਐਕਟ ਤਹਿਤ 23 ਮਾਮਲੇ ਦਰਜ, ਆਈ.ਟੀ. ਐਕਟ ਦੇ ਪੰਜ ਮਾਮਲੇ, ਪੋਕਸੋ ਐਕਟ ਤਹਿਤ ਇੱਕ ਮਾਮਲੇ ਦਾ ਨਿਪਟਾਰਾ ਕੀਤਾ ਗਿਆ। ਪ੍ਰਸ਼ਾਸਨਿਕ ਹੁਕਮਾਂ ਦੀ ਉਲੰਘਣਾ ’ਤੇ 13 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 6 ਦਾ ਨਿਪਟਾਰਾ ਕਰ ਦਿੱਤਾ ਗਿਆ। ਕਤਲ/ਕਤਲ ਦੀ ਕੋਸ਼ਿਸ਼ ਲਈ ਦਰਜ ਸਾਰੇ 39 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਅਗਵਾ/ਗਲਤ ਤਰੀਕੇ ਨਾਲ ਹਿਰਾਸਤ ਦੇ 98 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 66 ਦਾ ਨਿਪਟਾਰਾ ਕੀਤਾ ਗਿਆ। ਦੁਸ਼ਕਰਮ ਦੇ ਸਾਰੇ 5 ਮਾਮਲਿਆਂ ਦਾ ਨਿਪਟਾਰਾ ਕੀਤਾ। ਦੁਸ਼ਕਰਮ (ਪੋਕਸੋ ਐਕਟ ਦੇ ਤਹਿਤ) ਦੇ ਦਰਜ ਸਾਰੇ 6 ਮਾਮਲਿਆਂ ਦਾ ਨਿਪਟਾਰਾ ਕੀਤਾ। ਸਨੈਚਿੰਗ ਦੇ 57 ਵਿਚੋਂ 41 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਚੋਰੀ ਦੇ 689 ਮਾਮਲਿਆਂ ਵਿਚੋਂ 88 ਦਾ ਨਿਪਟਾਰਾ ਕੀਤਾ ਗਿਆ।

ਘਾਤਕ ਹਾਦਸਿਆਂ ਦੇ ਸਬੰਧ ਵਿਚ 26 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 19 ਦਾ ਨਿਪਟਾਰਾ ਕੀਤਾ ਗਿਆ। ਜਨਤਕ ਸੇਵਕ ’ਤੇ ਹਮਲੇ ਦੇ 11 ਮਾਮਲਿਆਂ ’ਚੋਂ 5 ਸੁਲਝਾ ਲਏ ਗਏ। ਧੋਖਾਧੜੀ ਦੇ 35 ਮਾਮਲਿਆਂ ਵਿਚੋਂ 10 ਦਾ ਨਿਪਟਾਰਾ ਕੀਤਾ ਗਿਆ। ਅਪਰਾਧਿਕ ਵਿਸ਼ਵਾਸਘਾਤ ਦੇ ਦੋਵੇਂ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਚੋਰੀ ਦੀ ਸੰਪਤੀ ਦੀ ਵਸੂਲੀ ਦੇ ਚਾਰ ਮਾਮਲੇ ਦਰਜ ਕੀਤੇ ਗਏ ਸਨ ਅਤੇ ਸਾਰਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ 24 ਮਾਮਲੇ ਦਰਜ ਕੀਤੇ ਅਤੇ 15 ਦਾ ਨਿਪਟਾਰਾ ਕੀਤਾ ਗਿਆ।
 


author

Inder Prajapati

Content Editor

Related News