ਚੰਡੀਗੜ੍ਹ ਪੁਲਸ ਨਵੀਂ ਤੇ ਨਿਵੇਕਲੀ ਪਹੁੰਚ ਨਾਲ ਨਸ਼ਾ ਤਸਕਰਾਂ ਨਾਲ ਨਜਿੱਠੇਗੀ

Wednesday, Aug 21, 2024 - 11:26 AM (IST)

ਚੰਡੀਗੜ੍ਹ (ਨਵਿੰਦਰ ਸਿੰਘ) : ਚੰਡੀਗੜ੍ਹ ਪੁਲਸ ਨੇ ਨਸ਼ਾ ਤਸਕਰਾਂ ਨਾਲ ਨਜਿੱਠਣ ਦੀ ਆਪਣੀ ਸ਼ੈਲੀ ਬਦਲ ਲਈ ਹੈ। ਚੰਡੀਗੜ੍ਹ ਪੁਲਸ ਹੁਣ ਨਵੀਂ ਅਤੇ ਨਿਵੇਕਲੀ ਪਹੁੰਚ ਨਾਲ ਨਸ਼ਾ ਤਸਕਰਾਂ ਨਾਲ ਨਜਿੱਠੇਗੀ। ਦਰਅਸਲ ਚੰਡੀਗੜ੍ਹ ਪੁਲਸ ਨੇ ਸ਼ਹਿਰ ’ਚੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਅਤੇ ਖ਼ਤਮ ਕਰਨ ਲਈ ਵੱਡੀ ਪਹਿਲ ਕੀਤੀ ਹੈ। ਇਹ ਪਹਿਲ ਕਦਮੀ ਉਨ੍ਹਾਂ ਲੋਕਾਂ ਨੂੰ ਉਤਸ਼ਾਹ ਅਤੇ ਸੁਰੱਖਿਆ ਪ੍ਰਦਾਨ ਕਰੇਗੀ ਜੋ ਨਸ਼ਾ ਤਸਕਰੀ ਦੇ ਸਾਮਰਾਜ ਨੂੰ ਖ਼ਤਮ ਕਰਨ ’ਚ ਮਦਦ ਕਰਨ ਲਈ ਅੱਗੇ ਆਉਣਗੇ।

ਭਾਵ ਇਸ ਪਹਿਲ ਕਦਮੀ ਦਾ ਮਕਸਦ ਨਸ਼ਾ ਤਸਕਰਾਂ ਨੂੰ ਉਨ੍ਹਾਂ ਡਰੱਗਾਂ ਦੇ ਮਾਲਕਾਂ ਬਾਰੇ ਵਿਆਪਕ ਅਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਨਾ ਹੈ, ਜਿਨ੍ਹਾਂ ਨਾਲ ਉਹ ਸਹਿਯੋਗ ਕਰਦੇ ਹਨ। ਚੰਡੀਗੜ੍ਹ ਪੁਲਸ ਨੇ ਕਿਹਾ ਹੈ ਕਿ ਜਿਹੜੇ ਲੋਕ ਮਜਬੂਰੀ ’ਚ ਨਸ਼ਾ ਤਸਕਰ ਬਣ ਗਏ ਹਨ ਅਤੇ ਮਜਬੂਰੀ ’ਚ ਵੀ ਤਸਕਰੀ ਛੱਡਣ ਤੋਂ ਅਸਮਰੱਥ ਹਨ, ਪਰ ਇਸ ਖ਼ਤਰੇ ਤੋਂ ਬਾਹਰ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਨੈੱਟਵਰਕ ਬਾਰੇ ਪੂਰੀ ਜਾਣਕਾਰੀ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਚੰਡੀਗੜ੍ਹ ਪੁਲਿਸ ਨਸ਼ਿਆਂ ਦੇ ਤਸਕਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਯਤਨਾਂ ’ਚ ਉਨ੍ਹਾਂ ਦੀ ਪੂਰੀ ਮਦਦ ਕਰੇਗੀ। ਚੰਡੀਗੜ੍ਹ ਪੁਲਸ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਨਸ਼ਾ ਤਸਕਰੀ ’ਚ ਆਪਣੀ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਭੂਮਿਕਾ ਬਾਰੇ ਪੂਰੀ ਅਤੇ ਸਹੀ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਦੇ ਮਾਲਕਾਂ, ਡਰੱਗ ਪੈਡਲਰਾ ਅਤੇ ਨੈੱਟਵਰਕ ਦੀ ਪਛਾਣ ਕਰਨਗੇ। ਉਨ੍ਹਾਂ ਨੂੰ ਧਾਰਾ 64 ਐਨ. ਡੀ. ਪੀ. ਐੱਸ. ਐਕਟ ਦੇ ਉਪਬੰਧਾਂ ਅਨੁਸਾਰ ਮੁਕੱਦਮੇ ਤੋਂ ਛੋਟ ਲਈ ਵਿਚਾਰਿਆ ਜਾਵੇਗਾ।

ਇਸ ਤੋਂ ਇਲਾਵਾ, ਉਨ੍ਹਾਂ ਨੂੰ ਉੱਚਿਤ ਇਨਾਮ ਦਿੱਤਾ ਜਾਵੇਗਾ ਅਤੇ ਪਛਾਣ ਗੁਪਤ ਰੱਖੀ ਜਾਵੇਗੀ। ਨਾਲ ਹੀ, ਉਨ੍ਹਾਂ ਨੂੰ ਮੁੱਖ ਧਾਰਾ ਵਿਚ ਮੁੜ ਵਸੇਬੇ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਚੰਡੀਗੜ੍ਹ ਪੁਲਸ ਦਾ ਕਹਿਣਾ ਹੈ ਕਿ ਅਜਿਹਾ ਕਰਨ ਦਾ ਮਕਸਦ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨਾ ਹੈ, ਜਿਸ ਨਾਲ ਨਸ਼ਾਖੋਰੀ ਨੂੰ ਠੱਲ੍ਹ ਪਾਉਣ ’ਚ ਕਾਫ਼ੀ ਮੱਦਦ ਮਿਲੇਗੀ। ਪੁਲਸ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਨਸ਼ਾ ਤਸਕਰ ਆਪਣੀ ਸੂਚਨਾ ਪੁਲਸ ਤੱਕ ਕਿਵੇਂ ਪਹੁੰਚਾ ਸਕਦੇ ਹਨ। ਨਸ਼ਾ ਤਸਕਰਾਂ ਨੇ ਜੋ ਵੀ ਜਾਣਕਾਰੀ ਦੇਣੀ ਹੈ, ਉਹ ਹੈਲਪਲਾਈਨ ਨੰਬਰਾਂ - 14446, 70872-39010 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ ’ਤੇ ਜਾ ਕੇ ਵੀ ਜਾਣਕਾਰੀ ਦੇ ਸਕਦੇ ਹਨ। ਇਸ ਦੇ ਨਾਲ ਹੀ ਈ ਸਾਥੀ ਐਪ ’ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੂਚਨਾ ਡਾਕ ਰਾਹੀਂ ਐੱਸ. ਪੀ. ਕ੍ਰਾਈਮ, ਪੁਲਿਸ ਹੈੱਡਕੁਆਰਟਰ, ਸੈਕਟਰ 9 ਨੂੰ ਵੀ ਭੇਜੀ ਜਾ ਸਕਦੀ ਹੈ।


Babita

Content Editor

Related News