ਚੰਡੀਗੜ੍ਹ ਪੀ.ਜੀ.ਆਈ. 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ

04/05/2020 7:46:38 PM

ਕਰਨਾਲ (ਆਰਿਆ)- ਕਰਨਾਲ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਕੇਸ ਦੀ ਪੀ.ਜੀ.ਆਈ. ਵਿਚ ਇਲਾਜ ਦੌਰਾਨ ਮੌਤ ਹੋ ਗਈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਕਰਨਾਲ ਜ਼ਿਲੇ ਵਿਚ ਘਰੌਂਡਾ ਖੰਡ ਦੇ ਪਿੰਡ ਰਸੀਨ ਦੇ ਗਿਆਨ ਸਿੰਘ ਦੀ ਰਿਪੋਰਟ ਪਿਛਲੇ ਦਿਨੀਂ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਕਲਪਨਾ ਚਾਵਲਾ ਰਾਸ਼ਟਰੀ ਮੈਡੀਕਲ ਕਾਲਜ ਵਿਚ ਇਲਾਜ ਕਰਵਾਉਣ ਵੇਲੇ ਸੰਪਰਕ ਵਿਚ ਆਏ ਡਾਕਟਰਾਂ ਅਤੇ ਸਟਾਫ ਦੇ ਤਿੰਨ ਮੈਂਬਰਾਂ ਦਾ ਵੀ ਟੈਸਟ ਕਰਵਾਇਆ ਗਿਆ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਵਲ ਸਰਜਨ ਦੀ ਰਿਪੋਰਟ ਮੁਤਾਬਕ ਹੁਣ ਤੱਕ 94 ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 64 ਦੀ ਰਿਪੋਰਟ ਨੈਗੇਟਿਵ ਆਈ ਹੈ। 29 ਦੀ ਰਿਪੋਰਟਾਂ ਦਾ ਅਜੇ ਨਤੀਜਾ ਆਉਣਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਬਾਲਾ 'ਚ ਕੋਰੋਨਾ ਪਾਜ਼ੇਟਿਵ ਇਕ ਬਜ਼ੁਰਗ ਦੀ ਬੀਤੀ 2 ਅਪ੍ਰੈਲ ਨੂੰ ਮੌਤ ਹੋ ਗਈ ਸੀ। ਅੰਬਾਲਾ ਛਾਉਣੀ ਦੀ ਟਿੰਬਰ ਮਾਰਕੀਟ 'ਚ ਰਹਿਣ ਵਾਲੇ 67 ਸਾਲ ਦੇ ਹਰਜੀਤ ਸਿੰਘ ਕੋਹਲੀ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖਲ ਸਨ। ਹਰਜੀਤ ਨੇ ਅੰਬਾਲਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਜਾਂਚ ਕਰਵਾਈ ਸੀ। ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਛਾਉਣੀ ਦੇ ਨਾਗਰਿਕ ਹਸਪਤਾਲ ਤੋਂ ਇਲਾਜ ਲਈ ਉਹ ਪੀ.ਜੀ.ਆਈ. ਪਹੁੰਚੇ ਸਨ। ਹਰਜੀਤ ਦੀ ਨਾ ਤਾਂ ਕੋਈ ਟ੍ਰੈਵਲ ਹਿਸਟਰੀ ਸੀ ਅਤੇ ਨਾ ਹੀ ਸ਼ੁਰੂਆਤ ਵਿਚ ਕੋਰੋਨਾ ਦੇ ਕੋਈ ਲੱਛਣ ਪਾਏ ਗਏ ਸਨ ਪਰ ਹਾਲਤ ਗੰਭੀਰ ਹੋਣ 'ਤੇ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ, ਜਿੱਥੇ ਕੋਰੋਨਾ ਦੇ ਲੱਛਣ ਪਾਏ ਜਾਣ 'ਤੇ ਸੈਂਪਲ ਜਾਂਚ ਲਈ ਭੇਜੇ ਗਏ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਹਾਲਾਂਕਿ ਰਿਪੋਰਟ ਆਉਣ ਤੋਂ ਪਹਿਲਾਂ ਹੀ ਹਰਜੀਤ ਦੀ ਮੌਤ ਹੋ ਚੁੱਕੀ ਸੀ।


Sunny Mehra

Content Editor

Related News