ਕੈਨੇਡਾ ਜਾਣ ਦੀ ਚਾਹਵਾਨ ਸੀ ਪੀ. ਜੀ. ਹਾਦਸੇ 'ਚ ਮਾਰੀ ਗਈ ਰੀਆ, ਤਸਵੀਰਾਂ 'ਚ ਰਹਿ ਗਈਆਂ ਯਾਦਾਂ
Monday, Feb 24, 2020 - 01:55 PM (IST)
ਕਪੂਰਥਲਾ (ਓਬਰਾਏ)— ਚੰਡੀਗੜ੍ਹ 'ਚ ਇਕ ਪੀ. ਜੀ. 'ਚ ਹੋਈ ਘਟਨਾ 'ਚ ਆਪਣੀ ਜ਼ਿੰਦਗੀ ਗੁਆ ਚੁੱਕੀ ਕਪੂਰਥਲਾ ਦੀ ਰਹਿਣ ਵਾਲੀ ਰੀਆ ਦੇ ਜੱਦੀ ਪਿੰਡ 'ਚ ਸੋਗ ਦਾ ਮਾਹੌਲ ਹੈ। ਉਸ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਘਟਨਾ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਵਾਰ ਵਾਲਿਆਂ ਮੁਤਾਬਕ ਰੀਆ ਦੀ ਮਾਂ ਕਾਂਤਾ ਅਰੋੜਾ ਫਰੈਂਚ ਸਿੱਖਣ ਲਈ ਚੰਡੀਗੜ੍ਹ 'ਚ ਦਾਖਲਾ ਦਿਵਾ ਕੇ ਗਈ ਸੀ। 27 ਮਾਰਚ ਨੂੰ ਉਸ ਨੂੰ ਆਪਣੇ ਮਾਮਾ ਅਤੇ ਭਰਾਵਾਂ ਦੇ ਨਾਲ ਮਾਂ ਨੂੰ ਮਿਲਣ ਲਈ ਜਾਣਾ ਸੀ।
ਕਪੂਰਥਲਾ ਦੇ ਨਿਊ ਗੁਰੂ ਨਾਨਕ ਗ੍ਰੋਵਰ ਕਾਲੋਨੀ 'ਚ ਰਹਿੰਦੇ ਰੀਆ ਦੇ ਛੋਟੇ ਮਾਮਾ ਰਾਜੇਸ਼ ਅਰੋੜਾ ਅਤੇ ਉਸ ਦੇ ਚਚੇਰੇ ਭਰਾ ਸੁਸ਼ਾਂਤ ਅਰੋੜਾ ਉਰਫ ਸੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਰੀਆ ਦੀ ਮਾਂ ਪਰਾਗ ਯੂਰਪ ਤੋਂ ਫੋਨ ਆਇਆ ਸੀ ਕਿ ਰੀਆ ਦੀ ਝੁਲਸਣ ਨਾਲ ਮੌਤ ਹੋ ਗਈ ਹੈ। ਇਸ ਦੇ ਬਾਅਦ ਰਿਸ਼ਤੇਦਾਰਾਂ ਦੇ ਉਨ੍ਹਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ।
5 ਸਾਲ ਪਹਿਲਾਂ ਰੀਆ ਦੇ ਪਿਤਾ ਦਾ ਹੋਇਆ ਸੀ ਦਿਹਾਂਤ
ਰੀਆ ਦੇ ਪਿਤਾ ਸੰਦੀਪ ਕੁਮਾਰ ਦਾ 5 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਵੱਡੀ ਭੈਣ ਪ੍ਰਿਯਾ ਲੰਦਨ 'ਚ ਰਹਿੰਦੀ ਹੈ। ਫਰੈਂਚ ਸਿੱਖਣ ਤੋਂ ਬਾਅਦ ਉਸ ਨੇ ਵੀ ਆਪਣੀ ਮਾਂ ਦੇ ਕੋਲ ਪਰਾਗ ਯੂਰਪ ਜਾਣਾ ਸੀ। ਵੱਡੇ ਮਾਮਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਗਸਤ 2019 ਨੂੰ ਰੀਆ ਦਾ ਇੰਗਲੈਂਡ ਦਾ ਵੀਜ਼ਾ ਲੱਗਾ ਸੀ। ਉਸ ਨੂੰ ਬਹੁਤ ਜ਼ੋਰ ਲਗਾਇਆ ਕਿ ਉਹ ਆਪਣੀ ਭੈਣ ਦੇ ਕੋਲ ਇੰਗਲੈਂਡ ਚਲੀ ਜਾਵੇ ਪਰ ਉਹ ਇੰਗਲੈਂਡ ਜਾਣ ਦਾ ਛੱਡ ਕੇ ਕੈਨੇਡਾ ਜਾਣ ਦੀ ਜ਼ਿੱਦ 'ਤੇ ਅੜੀ ਰਹੀ। ਇਸੇ ਜ਼ਿੱਦ ਨੇ ਉਸ ਨੂੰ ਚੰਡੀਗੜ੍ਹ ਫਰੈਂਚ ਸਿੱਖਣ ਲਈ ਪਹੁੰਚਾ ਦਿੱਤਾ।
ਸੰਨੀ ਨੇ ਦੱਸਿਆ ਕਿ ਰੀਆ ਦਾ ਜੱਦੀ ਘਰ ਨਗਰ ਸੁਧਾਰ ਟਰੱਸਟ ਦੇ ਸਾਹਮਣੇ ਮਸੀਤ ਚੌਕ 'ਤੇ ਹੈ, ਜਿੱਥੇ ਉਸ ਦੀ ਦਾਦੀ ਰਹਿੰਦੀ ਹੈ। ਨਿਊ ਗੁਰੂ ਨਾਨਕ ਨਗਰ ਗ੍ਰੋਵਰ ਕਾਲੋਨੀ 'ਚ ਰੀਆ ਦੇ ਛੋਟੇ ਮਾਮਾ ਰਾਜੇਸ਼ ਅਰੋੜਾ ਦੇ ਘਰ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਸੰਨੀ ਨੇ ਦੱਸਿਆ ਕਿ ਅਜੇ 31 ਜਨਵਰੀ ਨੂੰ ਰੀਆ ਦਾ 18ਵਾਂ ਜਨਮਦਿਨ ਸੀ। ਉਸ ਨੇ ਇਕ ਬਹੁਤ ਹੀ ਵਧੀਆ ਕੇਕ ਦੀ ਤਸਵੀਰ ਉਸ ਨੂੰ ਭੇਜੀ ਸੀ।