Red Alert 'ਤੇ ਚੰਡੀਗੜ੍ਹ! ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 3 ਵਜੇ ਤੱਕ...

Thursday, May 08, 2025 - 11:21 AM (IST)

Red Alert 'ਤੇ ਚੰਡੀਗੜ੍ਹ! ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 3 ਵਜੇ ਤੱਕ...

ਚੰਡੀਗੜ੍ਹ (ਰੋਹਾਲ) : ਚੰਡੀਗੜ੍ਹ 'ਚ ਗਰਮੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਗਰਮੀ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਆਫ਼ਤ ਪ੍ਰਬੰਧਨ ਅਥਾਰਟੀ ਨੇ ਗਰਮੀ 'ਚ ਵਾਧੇ ਦੇ ਨਾਲ ਹੀਟ ਵੇਵ ਬਾਰੇ ਇੱਕ ਜਨਤਕ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਚੰਡੀਗੜ੍ਹ ਰੈੱਡ ਅਲਰਟ 'ਤੇ ਹੈ ਅਤੇ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਦੇ ਖੇਤਰਾਂ 'ਚ ਹੀਟ ਵੇਵ ਦਾ ਅਸਰ ਹੋਣ ਦੀ ਸੰਭਾਵਨਾ ਬਣੀ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਅਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਖਿਆਲ ਰੱਖਣ। 

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ! 24 ਘੰਟੇ ਡਿਊਟੀ ਲਈ ਤਿਆਰ ਰਹਿਣ ਦੇ ਹੁਕਮ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪਾਣੀ, ਓ. ਆਰ. ਐੱਸ. ਘਰ ’ਚ ਬਣੇ ਪੀਣ ਵਾਲੇ ਪਦਾਰਥ ਨਾਲ ਖ਼ੁਦ ਨੂੰ ਹਾਈਡ੍ਰੇਟ ਰੱਖੋ।
ਤਰਬੂਜ਼, ਖਰਬੂਜ਼ਾ, ਸੰਤਰਾ, ਖੀਰਾ, ਅੰਗੂਰ ਵਰਗੇ ਮੌਸਮੀ ਫਲ ਤੇ ਸਬਜ਼ੀਆਂ ਖਾਓ।
ਸ਼ਰਾਬ, ਚਾਹ, ਕੌਫੀ ਤੇ ਕਾਰਬੋਨੇਟਿਡ ਸਾਫਟ ਡ੍ਰਿੰਕਸ ਜਾਂ ਜ਼ਿਆਦਾ ਮਾਤਰਾ ’ਚ ਖੰਡ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ।
ਛੱਤਾਂ ਜਾਂ ਘਰਾਂ ਬਾਹਰ ਪਾਣੀ ਨਾਲ ਭਰਿਆ ਭਾਂਡਾ/ਘੜਾ ਰੱਖ ਕੇ ਪੰਛੀਆਂ ਤੇ ਜਾਨਵਰਾਂ ਦੀ ਦੇਖਭਾਲ ਕਰੋ।
ਕਾਰ ਨੂੰ ਖੁੱਲ੍ਹੇ ਖੇਤਰ ’ਚ ਪਾਰਕ ਕਰਦਿਆਂ ਸਮੇਂ ਖਿੜਕੀਆਂ ਥੋੜ੍ਹੀਆਂ ਖੁੱਲ੍ਹੀਆਂ ਰੱਖੋ।
ਬਜ਼ੁਰਗਾਂ, ਬੱਚਿਆਂ ਤੇ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖੋ। ਪੀਣ ਲਈ ਤਰਲ ਪਦਾਰਥ ਦਿਓ।
ਧੁੱਪ ’ਚ ਦੁਪਹਿਰ 12 ਤੋਂ 3 ਵਜੇ ਵਿਚਕਾਰ ਬਾਹਰ ਜਾਣ ਤੋਂ ਬਚੋ। ਹਲਕੇ ਰੰਗ ਦੇ ਢਿੱਲੇ, ਸੂਤੀ ਕੱਪੜੇ ਪਾਓ। 

ਇਹ ਵੀ ਪੜ੍ਹੋ : ਪੰਜਾਬ ਦੇ ਜ਼ਿਲ੍ਹੇ 'ਚ ਐਮਰਜੈਂਸੀ ਨੰਬਰ ਜਾਰੀ, ਲੋੜ ਪੈਣ 'ਤੇ ਤੁਰੰਤ ਕਰੋ CALL
ਤਾਪਮਾਨ 'ਚ ਹੋਇਆ ਵਾਧਾ
ਪਿਛਲੇ ਦਿਨਾਂ ਦੀ ਬਾਰਸ਼ ਤੋਂ ਬਾਅਦ ਬੁੱਧਵਾਰ ਨੂੰ ਸ਼ਹਿਰ ਦਾ ਮੌਸਮ ਮਿਲਿਆ-ਜੁਲਿਆ ਰਿਹਾ। ਦਿਨ 'ਚ ਧੁੱਪ ਨਿਕਲਣ ਨਾਲ ਤਾਪਮਾਨ 'ਚ ਵਾਧਾ ਹੋਇਆ ਪਰ ਦੁਪਹਿਰ ਤਿੰਨ ਵਜੇ ਤੋਂ ਬਾਅਦ ਕੁੱਝ ਦੇਰ ਦੇ ਲਈ ਸ਼ਹਿਰ 'ਚ ਬਾਰਸ਼ ਦੀ ਸੰਭਾਵਨਾ ਬਣੀ। ਪੂਰਬੀ ਅਤੇ ਪੱਛਮੀ ਹਿੱਸੇ ਵਿਚ ਸੰਘਣੇ ਕਾਲੇ ਬੱਦਲਾਂ ਤੋਂ ਬਾਅਦ ਬੱਦਲਾਂ ਦੀ ਗਰਜ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਤੇਜ਼ ਹਵਾਵਾਂ ਦੇ ਨਾਲ ਹੀ ਸੰਘਣੇ ਬੱਦਲ ਵੀ ਅੱਗੇ ਨਿਕਲ ਗਏ ਅਤੇ ਮੌਸਮ ਫਿਰ ਸਾਫ਼ ਹੋ ਗਿਆ। ਆਉਣ ਵਾਲੇ ਦਿਨਾਂ ਦੇ ਲਈ ਮੌਸਮ ਵਿਭਾਗ ਨੇ 13 ਮਈ ਤੱਕ ਮਿਲਿਆ-ਜੁਲਿਆ ਮੌਸਮ ਰਹਿਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ 11 ਮਈ ਨੂੰ ਸ਼ਹਿਰ ਵਿਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਬੱਦਲਾਂ ਦੀ ਗਰਜ ਦੇ ਵਿਚਕਾਰ ਬਾਰਸ਼ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News