ਚੰਡੀਗੜ੍ਹ : ਬੱਚੇ ਨੂੰ ਬੈੱਡ ’ਚ ਬੰਦ ਕਰ ਮਾਂ ਪ੍ਰੇਮੀ ਨਾਲ ਫਰਾਰ, ਮਾਸੂਮ ਦੀ ਮੌਤ

01/27/2020 9:39:39 AM

ਚੰਡੀਗੜ੍ਹ, (ਸੁਸ਼ੀਲ/ਕੁਲਦੀਪ ਕੁਮਾਰ)— ਚੰਡੀਗੜ੍ਹ ਦੇ ਬੁੜੈਲ 'ਚ ਇਕ ਕਲਯੁਗੀ ਮਾਂ ਨੇ ਪ੍ਰੇਮੀ ਦੇ ਚੱਕਰ 'ਚ ਆਪਣੇ ਹੀ ਬੱਚੇ ਦੀ ਜਾਨ ਲੈ ਲਈ। ਮੀਡੀਆ ਰਿਪੋਰਟਾਂ ਮੁਤਾਬਕ ਰੂਪਾ ਨਾਂ ਦੀ ਔਰਤ ਜੋ ਬੁੜੈਲ 'ਚ ਆਪਣੇ ਪਤੀ ਤੇ ਢਾਈ ਸਾਲਾ ਬੱਚੇ ਨਾਲ ਮਕਾਨ ਨੰਬਰ 1658 'ਚ ਰਹਿੰਦੀ ਸੀ, ਨੇ ਆਪਣੇ ਬੱਚੇ ਨੂੰ ਬੈੱਡ 'ਚ ਬੰਦ ਕਰ ਦਿੱਤਾ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਐਤਵਾਰ ਰਾਤ 8.30 ਕੁ ਵਜੇ ਜਦ ਬੱਚੇ ਦਾ ਪਿਤਾ ਦਸ਼ਰਥ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਨੂੰ ਘਰ 'ਚ ਕੋਈ ਨਾ ਮਿਲਿਆ। ਉਸ ਨੇ ਰੂਪਾ ਨੂੰ ਫੋਨ ਕਰਕੇ ਉਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬੱਚਾ ਬੈੱਡ 'ਚ ਬੰਦ ਹੈ। ਉਸ ਨੇ ਜਿਵੇਂ ਹੀ ਬੈੱਡ ਦਾ ਬਾਕਸ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ ਤੇ ਉਸ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੈਕਟਰ 34 ਥਾਣਾ ਪੁਲਸ ਨੇ ਬੱਚੇ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਬੱਚੇ ਦੇ ਪਿਤਾ ਦੇ ਬਿਆਨਾਂ 'ਤੇ ਰੂਪਾ 'ਤੇ ਮਾਮਲਾ ਦਰਜ ਕਰ ਲਿਆ ਹੈ।


ਦਸ਼ਰਥ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ ਤੇ ਰੋਜ਼ ਵਾਂਗ ਜਦ ਉਹ ਘਰ ਪੁੱਜਾ ਤਾਂ ਉਸ ਨੂੰ ਘਰ ਖਾਲੀ ਮਿਲਿਆ। ਉਸ ਨੂੰ ਲੱਗਾ ਕਿ ਉਸ ਦੀ ਪਤਨੀ ਪੇਕੇ ਚਲੀ ਗਈ ਹੋਵੇਗੀ ਪਰ ਸੱਚ ਕੁੱਝ ਹੋਰ ਹੀ ਨਿਕਲਿਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News