ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ 'ਚ ਸ਼ਾਮਲ

03/25/2019 4:48:23 PM

ਚੰਡੀਗੜ੍ਹ (ਐਚ.ਐਸ.ਜੱਸੋਵਾਲ,ਏਜੰਸੀਆਂ, ਲਲਨ) : ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਅਮਰੀਕੀ ਕੰਪਨੀ ਬੋਇੰਗ ਵਲੋਂ ਬਣਾਏ ਗਏ 4 ਚਿਨੂਕ ਹੈਵੀਲਿਫਟ ਹੈਲੀਕਾਪਟਰ ਸ਼ਾਮਲ ਹੋ ਗਏ ਹਨ। ਜੰਗੀ ਨਜ਼ਰੀਏ ਨਾਲ ਪਾਕਿਸਤਾਨ ਦੀ ਹੁਣ ਖੈਰ ਨਹੀਂ ਹੈ। ਇਹ ਹੈਲੀਕਾਪਟਰ 315 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਤੋਂ ਇਲਾਵਾ 9.6 ਟਨ ਵਜ਼ਨ ਉਠਾ ਸਕਦਾ ਹੈ ਅਤੇ ਭਾਰੀ ਮਸ਼ੀਨਰੀ, ਤੋਪ ਅਤੇ ਬਖਤਰਬੰਦ ਗੱਡੀਆਂ ਟਰਾਂਸਪੋਰਟ ਕਰ ਸਕਦਾ ਹੈ। ਇਸ ਵਿਚ ਹਵਾ ਵਿਚ ਹੀ ਤੇਲ ਭਰਿਆ ਜਾ ਸਕਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਦਿਨ ਵਿਚ ਸਗੋਂ ਰਾਤ ਨੂੰ ਵੀ ਫੌਜੀ ਕਾਰਵਾਈ ਕਰ ਸਕਦਾ ਹੈ। ਫਿਲਹਾਲ ਚਿਨੂਕ 19 ਦੇਸ਼ਾਂ ਦੀਆਂ ਫੌਜਾਂ ਕੋਲ ਹੈ। ਸੋਮਵਾਰ ਨੂੰ 4 ਹੈਲੀਕਾਪਟਰ ਚੰਡੀਗੜ੍ਹ ਸਥਿਤ ਏਅਰਫੋਰਸ ਸਟੇਸ਼ਨ ਪਹੁੰਚੇ। ਇਸ ਦੌਰਾਨ ਆਯੋਜਿਤ ਪ੍ਰੋਗਰਾਮ ਵਿਚ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਵੀ ਪਹੁੰਚੇ।

PunjabKesari

ਇਨ੍ਹਾਂ 'ਚ ਆਵੇਗਾ ਕੰਮ
ਸੀ. ਐੱਚ.-47 ਚਿਨੂਕ ਇਕ ਐਡਵਾਂਸਡ ਮਲਟੀ ਮਿਸ਼ਨ ਹੈਲੀਕਾਪਟਰ ਹੈ, ਜੋ ਭਾਰਤੀ ਹਵਾਈ ਫੌਜ ਨੂੰ ਬੇਜੋੜ ਜੰਗੀ ਮਹੱਤਵ ਦੀ ਹੈਵੀਲਿਫਟ ਸਮਰੱਥਾ ਪ੍ਰਦਾਨ ਕਰਦਾ ਹੈ। ਇਹ ਮਨੁੱਖੀ ਸਹਾਇਤਾ ਅਤੇ ਲੜਾਕੂ ਭੂਮਿਕਾ ਵਿਚ ਕੰਮ ਆਵੇਗਾ। ਔਖੇ ਰਸਤਿਆਂ ਅਤੇ ਬਾਰਡਰ 'ਤੇ ਇਨਫਰਾਸਟਰੱਕਚਰ ਪ੍ਰਾਜੈਕਟ ਬਣਾਉਣ ਵਿਚ ਵੀ ਇਹ ਅਹਿਮ ਯੋਗਦਾਨ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਨਾਰਥ ਈਸਟ ਵਿਚ ਕਈ ਰੋਡ ਪ੍ਰਾਜੈਕਟ ਸਾਲਾਂ ਤੋਂ ਲਟਕੇ ਪਏ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਬਾਰਡਰ ਰੋਡਸ ਆਰਗੇਨਾਈਜ਼ੇਸ਼ਨ ਲੰਮੇ ਸਮੇਂ ਤੱਕ ਇਹ ਹੈਵੀਲਿਫਟ ਚੋਪਰ ਦੀ ਉਡੀਕ ਕਰ ਰਹੀਆਂ ਹਨ, ਜੋ ਇਨ੍ਹਾਂ ਸੰਘਣੀਆਂ ਘਾਟੀਆਂ 'ਚ ਸਮੱਗਰੀ ਅਤੇ ਜ਼ਰੂਰੀ ਮਸ਼ੀਨਾਂ ਦੀ ਆਵਾਜਾਈ ਕਰ ਸਕੇ।

PunjabKesari

2015 ਵਿਚ ਹੋਇਆ ਸੀ ਕਰਾਰ
ਭਾਰਤੀ ਹਵਾਈ ਫੌਜ ਨੇ 15 ਚਿਨੂਕ ਹੈਲੀਕਾਪਟਰ ਦਾ ਆਰਡਰ ਦਿੱਤਾ ਸੀ, ਜਿਨ੍ਹਾਂ ਵਿਚੋਂ ਪਹਿਲਾ ਚਿਨੂਕ ਹੈਲੀਕਾਪਟਰ ਇਸ ਸਾਲ ਫਰਵਰੀ ਵਿਚ ਆਇਆ ਸੀ। ਸਤੰਬਰ 2015 ਵਿਚ ਭਾਰਤ ਦੇ ਬੋਇੰਗ ਅਤੇ ਅਮਰੀਕੀ ਸਰਕਾਰ ਵਿਚਾਲੇ 15 ਚਿਨੂਕ ਹੈਲੀਕਾਪਟਰ ਖਰੀਦਣ ਦਾ ਕਰਾਰ ਕੀਤਾ ਗਿਆ ਸੀ। ਅਗਸਤ 2017 ਵਿਚ ਰੱਖਿਆ ਮੰਤਰਾਲਾ ਨੇ ਵੱਡਾ ਫੈਸਲਾ ਲੈਂਦਿਆਂ ਭਾਰਤੀ ਫੌਜ ਲਈ ਅਮਰੀਕੀ ਕੰਪਨੀ ਬੋਇੰਗ ਨਾਲ 4168 ਕਰੋੜ ਰੁਪਏ ਦੀ ਲਾਗਤ ਨਾਲ 6 ਅਪਾਚੇ ਲੜਾਕੂ ਹੈਲੀਕਾਪਟਰ, 15 ਚਿਨੂਕ ਭਾਰੀ ਮਾਲਵਾਹਕ ਹੈਲੀਕਾਪਟਰ ਅਤੇ ਹੋਰ ਹਥਿਆਰ ਪ੍ਰਣਾਲੀ ਖਰੀਦਣ ਲਈ ਮਨਜ਼ੂਰੀ ਦਿੱਤੀ ਸੀ।

PunjabKesari

1957 'ਚ ਹੋਈ ਸੀ ਸ਼ੁਰੂਆਤ
ਬੋਇੰਗ ਸੀ. ਐੱਚ.-47 ਚਿਨੂਕ ਹੈਲੀਕਾਪਟਰ ਡਬਲ ਇੰਜਣ ਵਾਲਾ ਹੈ। ਇਸ ਦੀ ਸ਼ੁਰੂਆਤ 1957 ਵਿਚ ਹੋਈ ਸੀ। 1962 ਵਿਚ ਇਸ ਨੂੰ ਫੌਜ ਵਿਚ ਸ਼ਾਮਲ ਕਰ ਲਿਆ ਗਿਆ। ਇਸ ਨੂੰ ਬੋਇੰਗ ਰੋਟਰਕ੍ਰਾਫਟ ਸਿਸਟਮ ਨੇ ਬਣਾਇਆ ਹੈ। ਇਸ ਦਾ ਨਾਂ ਅਮਰੀਕੀ ਮੂਲ ਦੇ ਨਿਵਾਸੀ ਚਿਨੂਕ ਤੋਂ ਲਿਆ ਗਿਆ ਹੈ।

PunjabKesari

ਲਾਦੇਨ ਨੂੰ ਮਾਰਨ 'ਚ ਹੋਈ ਸੀ ਇਸ ਦੀ ਵਰਤੋਂ
ਇਸ ਹੈਲੀਕਾਪਟਰ ਦੀ ਵਰਤੋਂ ਲਾਦੇਨ ਨੂੰ ਮਾਰਨ ਵਿਚ ਕੀਤੀ ਗਈ ਸੀ। ਇਰਾਕ ਅਤੇ ਵੀਅਤਨਾਮ ਯੁੱਧ ਵਿਚ ਵੀ ਇਸ ਦੀ ਕਾਫੀ ਵਰਤੋਂ ਹੋਈ ਸੀ। ਬੋਇੰਗ ਨੇ ਇਸ ਵਿਚ ਸਮੇਂ ਦੇ ਨਾਲ ਕਈ ਬਦਲਾਅ ਕੀਤੇ ਹਨ।


cherry

Content Editor

Related News