ਵੱਡੀ ਖ਼ਬਰ : ਚੰਡੀਗੜ੍ਹ 'ਚ ਦੁਸਹਿਰੇ ਤੋਂ ਪਹਿਲਾਂ ਹੀ 'ਦਹਿਨ', ਮੇਘਨਾਥ ਦੇ ਪੁਤਲੇ ਨੂੰ ਲਾ ਦਿੱਤੀ ਅੱਗ
Wednesday, Oct 05, 2022 - 12:52 PM (IST)
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-46 ਵਿਖੇ ਦੁਸਹਿਰੇ ਤੋਂ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਵੱਲੋਂ ਮੇਘਨਾਥ ਦੇ ਪੁਤਲੇ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਰੌਲਾ ਪੈ ਗਿਆ। ਮੇਘਨਾਥ ਦੇ ਨਾਲ-ਨਾਲ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਵੀ ਅੱਗ ਲੱਗ ਜਾਣੀ ਸੀ ਪਰ ਲੋਕਾਂ ਨੇ ਜਲਦ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਅਤੇ ਇਨ੍ਹਾਂ ਪੁਤਲਿਆਂ ਨੂੰ ਬਚਾ ਲਿਆ। ਇਸ ਦੇ ਨਾਲ ਹੀ ਅਸ਼ੋਕ ਵਾਟਿਕਾ ਵੀ ਬਣਾਈ ਗਈ ਸੀ, ਜੋ ਕਿ ਹਲਕੀ ਅੱਗ ਦੀ ਲਪੇਟ 'ਚ ਆ ਗਈ। ਜਾਣਕਾਰੀ ਮੁਤਾਬਕ ਸੈਕਟਰ-46 ਦੀ ਸਨਾਤਨ ਧਰਮ ਦੁਸਹਿਰਾ ਕਮੇਟੀ ਵੱਲੋਂ ਇਸ ਵਾਰ ਦੁਸਹਿਰੇ ਨੂੰ ਲੈ ਕੇ ਵੱਡਾ ਆਯੋਜਨ ਕੀਤਾ ਗਿਆ ਸੀ।
ਇਸ ਨੂੰ ਲੈ ਕੇ ਤਿਆਰੀਆਂ ਆਖ਼ਰੀ ਪੱਧਰ 'ਤੇ ਸਨ ਕਿ ਇਸ ਤੋਂ ਪਹਿਲਾਂ ਹੀ ਮੇਘਨਾਥ ਦੇ ਪੁਤਲੇ ਨੂੰ ਅੱਗ ਲਾ ਦਿੱਤੀ ਗਈ। ਇਸ ਘਟਨਾ ਬਾਰੇ ਕੁੱਝ ਚਸ਼ਮਦੀਦਾਂ ਨੇ ਕੈਮਰੇ ਅੱਗੇ ਨਾ ਆਉਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਸਭ ਜਾਣ-ਬੁੱਝ ਕੇ ਕੀਤਾ ਗਿਆ ਹੈ। ਹਾਲਾਂਕਿ ਦੁਸਹਿਰਾ ਕਮੇਟੀ ਨੇ ਇਸ ਘਟਨਾ ਬਾਰੇ ਅਜੇ ਤੱਕ ਕੁੱਝ ਨਹੀਂ ਕਿਹਾ ਹੈ। ਹੁਣ ਕਮੇਟੀ ਇਕਦਮ ਪੁਤਲਾ ਤਿਆਰ ਨਹੀਂ ਕਰ ਸਕਦੀ ਪਰ ਕਮੇਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤਿਓਂ ਮੇਘਨਾਥ ਦਾ ਪੁਤਲਾ ਮਿਲ ਜਾਵੇ।
ਦੱਸਣਯੋਗ ਹੈ ਕਿ ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ ਦੁਸਹਿਰਾ ਨਹੀਂ ਮਨਾਇਆ ਜਾ ਰਿਹਾ ਸੀ ਪਰ ਇਸ ਵਾਰ ਦੁਸਹਿਰਾ ਕਮੇਟੀ ਵੱਲੋਂ ਖੂਬ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਚੰਡੀਗੜ੍ਹ ਦਾ ਸਭ ਤੋਂ ਉੱਚਾ 92 ਫੁੱਟ ਦਾ ਰਾਵਣ ਇੱਥੇ ਹੀ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾਬੱਸੀ ਵਿਖੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਬੀਤੀ ਰਾਤ ਮੇਘਨਾਥ ਦੇ ਪੁਤਲੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਰਾਮ ਲੀਲਾ ਕਮੇਟੀ ਦਾ ਕਹਿਣਾ ਸੀ ਕਿ ਇਹ ਸਭ ਕੁੱਝ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਅਤੇ ਹਿੰਦੂਆਂ ਦੇ ਤਿਓਹਾਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ