ਸੈਕਟਰ-51 ''ਚੋਂ ਖਾਲੀ ਕਰਵਾਏ ਸਾਢੇ 3 ਕਨਾਲ ਜ਼ਮੀਨ, ਬਣਨਗੇ ਫਲੈਟ
Saturday, Nov 11, 2017 - 02:45 PM (IST)
ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸੈਕਟਰ-51 'ਚ ਸ਼ੁੱਕਰਵਾਰ ਨੂੰ ਆਰਾ ਮਿੱਲਾਂ ਨੂੰ ਹਟਾਉਣ ਲਈ ਕਾਰਵਾਈ ਕੀਤੀ। ਇਸ ਦੌਰਾਨ ਕਰੀਬ ਸਾਢੇ 3 ਕਨਾਲ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ। ਅਸਲ 'ਚ ਇਹ ਜਗ੍ਹਾ ਉਹ ਹੈ, ਜਿਥੇ ਚੰਡੀਗੜ੍ਹ ਹਾਊਸਿੰਗ ਬੋਰਡ 200 ਟੂ ਬੈੱਡਰੂਮ ਫਲੈਟ ਬਣਾਉਣ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜਦੋਂ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਟੀਮ ਇਥੇ ਇਨ੍ਹਾਂ ਆਰਾ ਮਿੱਲਾਂ ਨੂੰ ਹਟਾਉਣ ਲਈ ਪਹੁੰਚੀ ਤਾਂ ਇਨ੍ਹਾਂ ਨੂੰ ਚਲਾਉਣ ਵਾਲੇ ਲੋਕਾਂ ਨੇ ਹੰਗਾਮਾ ਵੀ ਕੀਤਾ। ਲੋਕਾਂ ਵਲੋਂ ਕਿਹਾ ਗਿਆ ਕਿ ਇਸ ਬਾਰੇ ਹਾਈ ਕੋਰਟ 'ਚ ਮਾਮਲਾ ਚੱਲ ਰਿਹਾ ਹੈ, ਜਿਸ ਦੀ ਅਗਲੀ ਸੁਣਵਾਈ 23 ਦਸੰਬਰ ਨੂੰ ਤੈਅ ਹੈ ਤਾਂ ਫਿਰ ਕਿਵੇਂ ਇਥੋਂ ਦੇ ਸਟ੍ਰਕਚਰ ਨੂੰ ਢਾਹਿਆ ਜਾ ਸਕਦਾ ਹੈ। ਹਾਲਾਂਕਿ ਲੋਕਾਂ ਦੀ ਗੱਲ ਨੂੰ ਨਾ ਸੁਣਦੇ ਹੋਏ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਇਥੇ 3 ਆਰਾ ਮਿੱਲਾਂ ਨੂੰ ਹਟਾਇਆ। ਇਸ 'ਚ ਇਕ ਮੰਗਤ ਰਾਮ ਐਂਡ ਸੰਨਜ਼, ਦੂਜੀ ਮਾਲਵਾ ਟਿੰਬਰ ਸਾਅ ਮਿੱਲ ਤੇ ਤੀਜੀ ਜਨਕ ਰਾਜ ਦੇ ਨਾਂ 'ਤੇ ਸੀ। ਨਾ ਨੋਟਿਸ ਦਿੱਤਾ, ਨਾ ਆਰਡਰ ਦਿਖਾਇਆ, ਚਲਾ ਦਿੱਤੀ ਜੇ. ਸੀ. ਬੀ. : 1987 ਤੋਂ ਟਿੰਬਰ ਸਟੋਰ ਚਲਾ ਰਹੇ ਮੰਗਤ ਰਾਮ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੀ ਕਾਰਵਾਈ ਸਬੰਧੀ ਕੋਈ ਸੂਚਨਾ ਜਾਂ ਨੋਟਿਸ ਨਹੀਂ ਦਿੱਤਾ ਗਿਆ ਸੀ, ਨਾ ਹੀ ਕਾਰਵਾਈ ਕਰਨ ਆਏ ਅਸਟੇਟ ਆਫਿਸ ਦੇ ਅਧਿਕਾਰੀਆਂ ਕੋਲ ਕੋਈ ਆਰਡਰ ਸੀ। ਉਨ੍ਹਾਂ ਹਾਈ ਕੋਰਟ ਦੇ ਉਹ ਹੁਕਮ ਵੀ ਦਿਖਾਏ, ਜਿਸ 'ਚ ਅਗਲੀ ਸੁਣਵਾਈ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜੋ ਕਿ 25 ਮਈ 2017 ਦੇ ਹੁਕਮ ਹਨ ਤੇ ਇਸ ਮਾਮਲੇ 'ਚ ਅਗਲੀ ਸੁਣਵਾਈ 23 ਦਸੰਬਰ ਨੂੰ ਹੋਣੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਜ਼ਮੀਨ ਦੇ ਬਦਲੇ ਸੈਕਟਰ-39 'ਚ ਜਗ੍ਹਾ ਅਲਾਟ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਉਥੇ ਪਾਈਪ ਲਾਈਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਕਬਜ਼ਾ ਨਹੀਂ ਦਿੱਤਾ ਸੀ। ਕੋਰਟ ਦੇ ਹੁਕਮਾਂ 'ਤੇ ਨਗਰ ਨਿਗਮ ਨੇ ਆਪਣੀ ਰਿਪੋਰਟ ਦਿੱਤੀ ਸੀ, ਜਿਸ 'ਚ ਉਥੇ ਪਾਣੀ ਦੀ ਪਾਈਪ ਲਾਈਨ ਆਦਿ ਹੋਣ ਤੋਂ ਇਨਕਾਰ ਕੀਤਾ ਗਿਆ ਸੀ। ਮੰਗਤ ਰਾਮ ਤੇ ਹੋਰਨਾਂ ਨੇ ਕਿਹਾ ਕਿ ਸ਼ੁੱਕਰਵਾਰ ਦੀ ਕਾਰਵਾਈ ਨੂੰ ਉਹ ਕੋਰਟ 'ਚ ਚੁਣੌਤੀ ਦੇਣਗੇ। ਜਦੋਂ ਅਸਟੇਟ ਆਫਿਸ ਦੇ ਅਧਿਕਾਰੀ ਇਥੋਂ ਸਾਮਾਨ ਹਟਾਉਣ ਆਏ ਤਾਂ ਕਬਜ਼ਾਧਾਰੀਆਂ ਨੇ ਆਪਣੇ ਵਕੀਲ ਨੂੰ ਬੁਲਾ ਲਿਆ। ਮੌਕੇ 'ਤੇ ਪਹੁੰਚੇ ਸੀਨੀਅਰ ਵਕੀਲ ਜੀ. ਸੀ. ਧੁਰੀਵਾਲਾ ਨੇ ਅਧਿਕਾਰੀਆਂ ਨੂੰ ਕੋਰਟ 'ਚ ਚੱਲ ਰਹੇ ਕੇਸ ਦੇ ਵਿਸ਼ੇ 'ਚ ਦੱਸਿਆ, ਜਿਸ 'ਤੇ ਅਧਿਕਾਰੀ ਕਾਰਵਾਈ ਨਾ ਕਰਨ ਦੀ ਗੱਲ ਮੰਨ ਗਏ ਪਰ ਵਕੀਲ ਦੇ ਜਾਂਦਿਆਂ ਹੀ ਉਨ੍ਹਾਂ ਨੇ ਪੁਲਸ ਦੀ ਮੌਜੂਦਗੀ 'ਚ ਕਬਜ਼ੇ ਖਾਲੀ ਕਰਵਾਉਣ ਦੀ ਕਾਰਵਾਈ ਕਰ ਦਿੱਤੀ। ਇਸ ਦੌਰਾਨ ਕਬਜ਼ਾਧਾਰੀ ਪੁਲਸ ਸਟੇਸ਼ਨ ਵੀ ਮਦਦ ਲਈ ਗਏ ਪਰ ਪੁਲਸ ਨੇ ਪੱਲਾ ਝਾੜ ਲਿਆ।
