ਬਕਾਇਆ ਹਾਊਸ ਟੈਕਸ/ਪ੍ਰਾਪਰਟੀ ਟੈਕਸ ਅਦਾ ਕਰਨ ਦੀ ਮਿਆਦ 3 ਮਹੀਨੇ ਵਧੀ

11/22/2019 9:26:22 AM

ਚੰਡੀਗੜ੍ਹ (ਰਮਨਜੀਤ) : ਸੂਬੇ ਦੇ ਬਾਸ਼ਿੰਦਿਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਜੁਰਮਾਨੇ ਦੇ ਬਕਾਇਆ ਹਾਊਸ ਟੈਕਸ/ਪ੍ਰਾਪਰਟੀ ਟੈਕਸ ਅਦਾ ਕਰਨ ਦੀ ਮਿਆਦ 'ਚ 3 ਮਹੀਨਿਆਂ ਦਾ ਵਾਧਾ ਕਰ ਦਿੱਤਾ ਹੈ। ਅੱਜ ਇਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਦਿੱਤੀ ਗਈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਮਿਊਂਸੀਪਲ ਐਕਟ, 1976 ਤਹਿਤ ਹੁਣ ਤੱਕ ਟੈਕਸ ਅਦਾ ਨਾ ਕਰਨ ਵਾਲਿਆਂ ਨੂੰ ਜੁਰਮਾਨੇ ਦੀ ਅਦਾਇਗੀ ਤੋਂ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨਾਗਰਿਕਾਂ ਨੇ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾ ਨਹੀਂ ਕਰਵਾਇਆ, ਹੁਣ ਉਹ ਇਸ ਐਕਟ ਤਹਿਤ ਛੋਟ ਸਬੰਧੀ ਆਦੇਸ਼ ਜਾਰੀ ਹੋਣ ਦੀ ਮਿਤੀ ਤੋਂ ਅਗਲੇ 3 ਮਹੀਨਿਆਂ ਦੇ ਅੰਦਰ-ਅੰਦਰ ਬਣਦੀ ਰਾਸ਼ੀ ਨੂੰ 10 ਫ਼ੀਸਦੀ ਕਟੌਤੀ ਨਾਲ ਕੁਝ ਸ਼ਰਤਾਂ ਸਮੇਤ ਯਕਮੁਸ਼ਤ ਜਮ੍ਹਾ ਕਰਵਾ ਸਕਦੇ ਹਨ ਅਤੇ ਜੋ ਲੋਕ ਤੈਅ ਸਮੇਂ 'ਚ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ 'ਚ ਅਸਫਲ ਰਹਿੰਦੇ ਹਨ, ਉਹ ਅਗਲੇ ਹੋਰ 3 ਮਹੀਨਿਆਂ 'ਚ ਬਣਦੀ ਰਕਮ 10 ਫ਼ੀਸਦੀ ਜੁਰਮਾਨੇ ਦੇ ਨਾਲ ਜਮ੍ਹਾ ਕਰਵਾ ਸਕਦੇ ਹਨ।

ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਿਹੜਾ ਵਿਅਕਤੀ ਉਕਤ ਦੱਸੇ ਸਮੇਂ ਦੌਰਾਨ ਵੀ ਬਕਾਇਆ ਰਕਮ ਜਮ੍ਹਾ ਕਰਵਾਉਣ 'ਚ ਅਸਫਲ ਰਹਿੰਦਾ ਹੈ, ਉਸ ਨੂੰ ਕੁੱਲ ਬਕਾਇਆ ਰਕਮ 20 ਫੀਸਦੀ ਜੁਰਮਾਨੇ ਦੀ ਦਰ ਨਾਲ ਅਦਾ ਕਰਨੇ ਪੈਣਗੇ ਤੇ ਨਾਲ ਹੀ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ ਤੋਂ ਅਦਾਇਗੀ ਤੱਕ ਦੇ ਸਮੇਂ ਦੌਰਾਨ 18 ਫੀਸਦੀ ਵਿਆਜ ਦਰ ਨਾਲ ਰਾਸ਼ੀ ਜਮ੍ਹਾ ਕਰਵਾਉਣੀ ਪਵੇਗੀ।

ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਜਿਥੇ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਸਮਾਂ ਹੱਦ ਤੋਂ ਖੁੰਝੇ ਜਾਇਦਾਦ ਧਾਰਕਾਂ/ਮਾਲਕਾਂ ਅਤੇ ਜਿਨ੍ਹਾਂ ਦੀ ਜਾਇਦਾਦ ਨੂੰ ਕੁਝ ਸ਼ਹਿਰੀ ਸਥਾਨਕ ਇਕਾਈਆਂ ਨੇ ਜੁਰਮਾਨੇ ਵਜੋਂ ਸੀਲ ਕਰ ਦਿੱਤਾ ਹੈ, ਨੂੰ ਵੱਡੀ ਰਾਹਤ ਮਿਲੇਗੀ, ਉਸ ਦੇ ਨਾਲ ਹੀ ਸ਼ਹਿਰੀ ਸਥਾਨਕ ਇਕਾਈਆਂ ਦੀ ਆਮਦਨ 'ਚ ਵਾਧਾ ਹੋਵੇਗਾ।


cherry

Content Editor

Related News