ਚੰਡੀਗੜ੍ਹ ਗੈਂਗਰੇਪ : ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਤੀਜੇ ਦੀ ਭਾਲ ਜਾਰੀ!
Friday, Nov 24, 2017 - 02:25 PM (IST)

ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-53 'ਚ 22 ਸਾਲਾ ਕੁੜੀ ਨਾਲ ਸਮੂਹਕ ਬਲਾਤਕਾਰ ਕਰਨ ਵਾਲੇ 2 ਦੋਸ਼ੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਤੀਜੇ ਦੀ ਭਾਲ ਜਾਰੀ ਹੈ, ਹਾਲਾਂਕਿ ਅਧਿਕਾਰਕ ਤੌਰ 'ਤੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਇਨਾਮ ਵੀ ਰੱਖਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਆਟੋਆਂ ਦੇ ਪਿੱਛੇ ਦੋਸ਼ੀਆਂ ਦੇ ਪੋਸਟਰ ਵੀ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਮੋਹਾਲੀ ਵਾਸੀ ਇਕ ਲੜਕੀ 17 ਨਵੰਬਰ ਨੂੰ ਸੈਕਟਰ-37 'ਚ ਟਾਈਪਿੰਗ ਦੀ ਕਲਾਸ ਲਾ ਕੇ ਆਟੋ 'ਚ ਮੋਹਾਲੀ ਨੂੰ ਜਾ ਰਹੀ ਸੀ ਕਿ ਸੈਕਟਰ-53 ਦੇ ਜੰਗਲ ਨੇੜੇ ਆਟੋ ਚਾਲਕ ਤੇ ਉਸ ਦੇ ਦੋ ਸਾਥੀ ਲੜਕੀ ਨਾਲ ਗੈਂਗਰੇਪ ਕਰ ਕੇ ਫਰਾਰ ਹੋ ਗਏ। ਲੜਕੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਮਗਰੋਂ ਆਟੋ ਚਾਲਕ ਤੇ ਉਸ ਦੇ ਦੋ ਸਾਥੀਆਂ 'ਤੇ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਸੈਕਟਰ-42 ਦੇ ਪੈਟਰੋਲ ਪੰਪ ਤੋਂ ਤਿੰਨਾਂ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤੀ ਸੀ।