ਚੰਡੀਗੜ੍ਹ ਤੋਂ ਨੰਦੇੜ ਸਾਹਿਬ ਲਈ ਭਲਕੇ ਸ਼ੁਰੂ ਹੋਵੇਗੀ ਸਿੱਧੀ ਫਲਾਈਟ

Monday, Jan 07, 2019 - 09:57 AM (IST)

ਚੰਡੀਗੜ੍ਹ ਤੋਂ ਨੰਦੇੜ ਸਾਹਿਬ ਲਈ ਭਲਕੇ ਸ਼ੁਰੂ ਹੋਵੇਗੀ ਸਿੱਧੀ ਫਲਾਈਟ

ਪਟਿਆਲਾ (ਬਲਜਿੰਦਰ)—ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾਂ ਸਕਦਾ ਚੰਡੀਗੜ੍ਹ ਤੋਂ ਨੰਦੇੜ ਸਾਹਿਬ ਲਈ ਸਿੱਧੀ ਫਲਾਈਟ 8 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਐਲਾਨ ਖੁਦ ਪਟਿਆਲਾ ਵਿਚ ਪ੍ਰੋ. ਚੰਦੂਮਾਜਰਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਪਹਿਲਾਂ ਹੀ ਇਥੋਂ ਸਿੱਧੀ ਫਲਾਈਟ ਦੀ ਮਨਜ਼ੂਰੀ ਦੇ ਦਿੱਤੀ ਸੀ। ਕੁੱਝ ਤਕਨੀਕੀ ਕਾਰਨਾਂ ਕਰ ਕੇ  ਇਹ ਫਲਾਈਟ ਸ਼ੁਰੂ ਨਹੀਂ ਹੋ ਸਕੀ ਸੀ। ਉਨ੍ਹਾਂ ਦੱਸਿਆ ਕਿ ਦਿੱਲੀ, ਮੁੰਬਈ ਅਤੇ ਅੰਮ੍ਰਿਤਸਰ ਤੋਂ ਤਾਂ ਪਹਿਲਾਂ ਹੀ ਸਿੱਧੀਆਂ ਫਲਾਈਟਾਂ ਜਾ ਰਹੀਆਂ ਹਨ। ਹੁਣ ਚੰਡੀਗੜ੍ਹ ਤੋਂ ਸ਼ੁਰੂ ਹੋਣ ਨਾਲ ਕੇਵਲ ਪੂਰੇ ਮਾਲਵੇ ਦੇ ਸ਼ਰਧਾਲੂਆਂ ਲਈ ਹੀ ਨਹੀਂ ਸਗੋਂ ਚੰਡੀਗੜ੍ਹ, ਹਿਮਾਚਲ, ਹਰਿਆਣਾ, ਰੋਪੜ ਅਤੇ ਅਨੰਦਪੁਰ ਸਾਹਿਬ ਦੇ ਸ਼ਰਧਾਲੂ ਵੀ ਚੰਡੀਗੜ੍ਹ ਤੋਂ ਸਿੱਧੇ ਨੰਦੇੜ ਸਾਹਿਬ ਪਹੁੰਚ ਸਕਣਗੇ। ਪਹਿਲੀ ਫਲਾਈਟ ਵਿਚ ਕਈ ਐੈੱਸ. ਜੀ. ਪੀ. ਸੀ. ਮੈਂਬਰ, ਸਿੱਖ ਵਿਦਵਾਨ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਕੁੱਝ ਵਿਧਾਇਕ ਵੀ ਜਾ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਹੁਣ ਸਿੱਖ ਸ਼ਰਧਾਲੂ 24 ਘੰਟਿਆਂ ਵਿਚ ਨੰਦੇੜ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਚੰਡੀਗੜ੍ਹ ਆ ਸਕਣਗੇ। 

ਐੱਮ. ਪੀ. ਚੰਦੂਮਾਜਰਾ ਨੇ ਰਾਫੇਲ ਮੁੱਦੇ 'ਤੇ ਕਾਂਗਰਸ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਦਾ ਝੂਠ ਉਜਾਗਰ ਹੋ ਚੁੱਕਾ ਹੈ। ਕਾਂਗਰਸ ਵੱਲੋਂ ਇਸ ਮੁੱਦੇ 'ਤੇ ਕੀਤਾ ਗਿਆ ਵਿਰੋਧ ਉਸ ਦੀ ਬਚਕਾਨਾ ਹਰਕਤ ਸਾਬਤ ਹੋਈ ਹੈ। ਅਗਸਤਾ ਮਾਮਲੇ ਵਿਚ ਕਾਂਗਰਸ ਦੀ ਸ਼ਮੁਲੀਅਤ ਸਿੱਧੇ ਤੌਰ 'ਤੇ ਸਾਹਮਣੇ ਆ ਚੁੱਕੀ ਹੈ। ਇਸ ਤੋਂ ਇਲਾਵਾ ਨੈਸ਼ਨਲ ਹੈਰਾਲਡ ਦੇ ਮਾਮਲੇ ਵਿਚ ਵੀ ਕਾਂਗਰਸ ਦੇ ਮੁਖੀ ਗਾਂਧੀ ਪਰਿਵਾਰ 'ਤੇ ਕੇਸ ਦਰਜ ਹੋ ਚੁੱਕੇ ਹਨ। ਪੰਚਾਇਤੀ ਚੋਣਾਂ ਵਿਚ ਹੋਈ ਧੱਕੇਸ਼ਾਹੀ ਦਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਜਿਹੜੇ ਸਰਪੰਚ ਅਤੇ ਪੰਚ ਧੱਕੇ ਨਾਲ ਅਨਾਊਂਸ ਕਰ ਕੇ ਬਣਾਏ ਗਏ ਹਨ, ਅਕਾਲੀ ਸਰਕਾਰ ਆਉਂਦੇ ਹੀ ਉਨ੍ਹਾਂ ਨੂੰ 24 ਘੰਟਿਆਂ ਵਿਚ ਸਸਪੈਂਡ ਕੀਤਾ ਜਾਵੇਗਾ। ਅੱਜ ਵੱਡੀ ਗਿਣਤੀ 'ਚ ਪਿੰਡ-ਪਿੰਡ ਤੋਂ ਪਹੁੰਚੀਆਂ ਪੰਚਾਇਤਾਂ ਅਤੇ ਸਰਕਾਰ ਦੀ ਧੱਕੇਸ਼ਾਹੀ ਤੋਂ ਪੀੜਤ ਆਗੂਆਂ ਨੇ ਆਪਣੀ ਪੂਰੀ ਕਹਾਣੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੱਸੀ। 

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੈਂਬਰ ਜਸਮੇਰ ਸਿੰਘ ਲਾਛੜੂ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ, ਈਸ਼ਰ ਸਿੰਘ ਅਬਲੋਵਾਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


author

Shyna

Content Editor

Related News