ਚੰਡੀਗੜ੍ਹ 'ਚ ਆਉਣ-ਜਾਣ ਵਾਲੇ ਰਸਤਿਆਂ 'ਤੇ ਨਾਕੇ, ਦਿੱਲੀ ਜਾਣ ਵਾਲੀਆਂ ਫਲਾਈਟਾਂ ਹੋਈਆਂ ਬੇਹੱਦ ਮਹਿੰਗੀਆਂ

Wednesday, Feb 14, 2024 - 01:57 PM (IST)

ਚੰਡੀਗੜ੍ਹ 'ਚ ਆਉਣ-ਜਾਣ ਵਾਲੇ ਰਸਤਿਆਂ 'ਤੇ ਨਾਕੇ, ਦਿੱਲੀ ਜਾਣ ਵਾਲੀਆਂ ਫਲਾਈਟਾਂ ਹੋਈਆਂ ਬੇਹੱਦ ਮਹਿੰਗੀਆਂ

ਚੰਡੀਗੜ੍ਹ (ਨਵਿੰਦਰ, ਲਲਨ) : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਮੰਗਲਵਾਰ ਨੂੰ ਸੂਬੇ ਦੀ ਰਾਜਧਾਨੀ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਪੰਜਾਬ ਤੋਂ ਸ਼ਹਿਰ ਦੇ 11 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਸਖ਼ਤ ਨਾਕੇਬੰਦੀ ਕੀਤੀ ਗਈ। ਲੋਕਾਂ ਦੀ ਸੁਰੱਖਿਆ ਲਈ ਪੁਲਸ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਨੂੰ ਧਿਆਨ 'ਚ ਰੱਖਦਿਆਂ ਹਰਿਆਣਾ ਸਰਕਾਰ ਵਲੋਂ ਸਰਹੱਦ ਸੀਲ ਕੀਤੇ ਜਾਣ ਕਾਰਣ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸ ਤਹਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਫਲਾਈਟਾਂ ਦੀਆਂ ਟਿਕਟਾਂ ਦੀਆਂ ਕੀਮਤਾਂ 'ਚ 4 ਗੁਣਾ ਵਾਧਾ ਹੋ ਗਿਆ ਹੈ। ਇੰਨਾ ਹੀ ਨਹੀਂ ਬੱਸਾਂ ਅਤੇ ਟੈਕਸੀਆਂ ਦੀ ਆਵਾਜਾਈ ’ਤੇ ਅਸਰ ਪੈਣ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਅਤੇ ਸਥਾਨਕ ਯਾਤਰੀਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਇਸ ਕਾਰਣ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰਾਂ ’ਤੇ ਯਾਤਰੀਆਂ ਦੀ ਭੀੜ ਲੱਗੀ ਹੋਈ ਹੈ। ਇੰਨਾ ਹੀ ਨਹੀਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੂੰ ਸਾਰੇ ਟਿਕਟ ਕਾਊਂਟਰ ਖੋਲ੍ਹਣੇ ਪਏ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦਾ ਸਪੱਸ਼ਟੀਕਰਨ, ਪਿਛਲੇ 10 ਸਾਲਾਂ ਦੇ ਗਿਣਵਾਏ ਕੰਮ
ਚੰਡੀਗੜ੍ਹ-ਦਿੱਲੀ ਫਲਾਈਟ ਦੀ ਟਿਕਟ 4 ਹਜ਼ਾਰ ਰੁਪਏ ਦੀ ਥਾਂ 16 ਹਜ਼ਾਰ ਰੁਪਏ ਤੱਕ ਪੁੱਜੀ
ਚੰਡੀਗੜ੍ਹ-ਦਿੱਲੀ ਵਿਚਾਲੇ ਚੱਲਣ ਵਾਲੀਆਂ ਫਲਾਈਟਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਰੂਟੀਨ ਟਿਕਟ 4 ਹਜ਼ਾਰ ਤੋਂ 4500 ਰੁਪਏ ਤੱਕ ਰਹਿੰਦੀ ਹੈ। ਪਰ ਯਾਤਰੀਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸਾਰੀਆਂ ਏਅਰਲਾਈਨਾਂ ਨੇ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਫਲਾਈਟਾਂ ਦਾ ਇਹ ਹਾਲ ਹੈ ਕਿ ਲੋਕਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਦਿੱਲੀ ਲਈ ਰੋਜ਼ਾਨਾ ਕਰੀਬ 12 ਫਲਾਈਟਾਂ ਉਡਾਣ ਭਰਦੀਆਂ ਹਨ। ਏਅਰਲਾਈਨਜ਼ ਵਲੋਂ 14 ਫਰਵਰੀ ਨੂੰ ਟਿਕਟਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ।
ਏਅਰਲਾਈਨਜ਼ ਦਾ ਨਾਮ        ਪਹਿਲਾਂ ਟਿਕਟ               ਹੁਣ ਟਿਕਟ 
ਏਅਰਲਾਈਨਜ਼ ਏਅਰ               2499                      11219
ਵਿਸਤਾਰਾ                             3907                      16796
ਇੰਡੀਗੋ                                   3343                      10,386

ਇਹ ਵੀ ਪੜ੍ਹੋ : 5994 ਅਧਿਆਪਕਾਂ ਦੀ ਭਰਤੀ ਸਬੰਧੀ ਕੇਸ ਦੇ ਜਲਦ ਨਿਪਟਾਰੇ ਲਈ ਹਾਈਕੋਰਟ 'ਚ ਸੀ. ਐੱਮ. ਦਾਇਰ
ਵੰਦੇ ਭਾਰਤ ਅਤੇ ਸ਼ਤਾਬਦੀ ਸੁਪਰਫਾਸਟ ਟਰੇਨਾਂ 'ਚ ਤਤਕਾਲ ਵਿਚ ਵੀ ਵੇਟਿੰਗ
ਇਸ ਦੇ ਨਾਲ ਹੀ ਵੰਦੇ ਭਾਰਤ ਅਤੇ ਸ਼ਤਾਬਦੀ ਵਰਗੀਆਂ ਟਰੇਨਾਂ 'ਚ ਵੀ ਸੀਟਾਂ ਉਪਲੱਬਧ ਨਹੀਂ ਹਨ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਚੰਡੀਗੜ੍ਹ-ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਟਰੇਨ ਵਿਚ 44 ਵੇਟਿੰਗ ਸਨ, ਜਦਕਿ ਤਤਕਾਲ ਵਿਚ ਵੇਟਿੰਗ ਟਿਕਟਾਂ ਵੀ ਮੁਹੱਈਆ ਨਹੀਂ ਹਨ। ਜਦਕਿ ਚੰਡੀਗੜ੍ਹ-ਦਿੱਲੀ ਵਿਚਾਲੇ ਚੱਲਣ ਵਾਲੀਆਂ ਤਿੰਨੇ ਸ਼ਤਾਬਦੀ ਟਰੇਨਾਂ ਵਿਚ ਵੇਟਿੰਗ ਲਿਸਟ 33 ਤੋਂ ਵੱਧ ਹੈ। ਜਦੋਂਕਿ ਜਨ ਸ਼ਤਾਬਦੀ ਐਕਸਪ੍ਰੈੱਸ ਵਿਚ ਵੇਟਿੰਗ ਲਿਸਟ 146 ਦੇ ਨੇੜੇ ਪਹੁੰਚ ਗਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News