ਭਾਰਤੀ ਏ ਟੀਮ ''ਚ ਖੇਡਣਗੇ ਚੰਡੀਗੜ੍ਹ ਸ਼ਹਿਰ ਦੇ ਕ੍ਰਿਕਟਰ ਪ੍ਰਸ਼ਾਂਤ ਚੋਪੜਾ

10/03/2017 8:02:27 AM

ਚੰਡੀਗੜ੍ਹ, (ਲਲਨ)- ਸ਼ਹਿਰ ਦੇ ਓਪਨਰ ਬੱਲੇਬਾਜ਼ ਪ੍ਰਸ਼ਾਂਤ ਚੋਪੜਾ ਦੀ ਚੋਣ ਭਾਰਤੀ ਕ੍ਰਿਕਟ ਟੀਮ ਏ ਵਿਚ ਹੋਈ ਹੈ। ਉਹ ਨਿਊਜ਼ੀਲੈਂਡ ਨਾਲ ਹੋਣ ਵਾਲੀ ਘਰੇਲੂ ਸੀਰੀਜ਼ ਦੇ ਦੋ ਅਭਿਆਸ ਮੈਚਾਂ ਲਈ ਚੁਣੇ ਗਏ ਹਨ। ਪ੍ਰਸ਼ਾਂਤ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੈਕਟਰ-16 ਕ੍ਰਿਕਟ ਅਕਾਦਮੀ ਦੇ ਨੌਜਵਾਨ ਖਿਡਾਰੀਆਂ ਨੇ ਵੀ ਪ੍ਰਸ਼ਾਂਤ ਦੇ ਚੁਣੇ ਜਾਣ 'ਤੇ ਉਸ ਨੂੰ ਵਧਾਈ ਦਿੱਤੀ ਹੈ।
ਪ੍ਰਸ਼ਾਂਤ ਨੇ ਦੱਸਿਆ ਕਿ ਉਹ 6 ਅਕਤੂਬਰ ਨੂੰ ਪੰਜਾਬ ਨਾਲ ਹੋਣ ਵਾਲੀ ਰਣਜੀ ਮੁਕਾਬਲੇ ਦੀ ਤਿਆਰੀ ਲਈ ਧਰਮਸ਼ਾਲਾ ਵਿਚ ਹਿਮਾਚਲ ਦੀ ਟੀਮ ਵਲੋਂ ਕੈਂਪ ਵਿਚ ਸ਼ਾਮਲ ਹਨ। ਟੀਮ ਵਿਚ ਸ਼ਾਮਲ ਹੋਣ ਦੀ ਸੂਚਨਾ ਉਨ੍ਹਾਂ ਨੂੰ ਆਪਣੇ ਕੋਚ ਤੋਂ ਮਿਲੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੋਕਸ ਵਧੀਆ ਪ੍ਰਦਰਸ਼ਨ ਕਰਨ ਦਾ ਹੈ। ਪ੍ਰਸ਼ਾਂਤ ਚੋਪੜਾ ਨੂੰ 2016-17 ਰਣਜੀ ਮੈਚ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਬਦੌਲਤ ਹੀ ਭਾਰਤੀ ਕ੍ਰਿਕਟ ਟੀਮ ਏ ਵਿਚ ਥਾਂ ਮਿਲੀ ਹੈ। 
2016-17 ਵਿਚ ਰਣਜੀ ਮੁਕਾਬਲਿਆਂ ਵਿਚ ਉਨ੍ਹਾਂ ਨੇ ਕੁਲ 9 ਮੈਚ ਖੇਡੇ ਸਨ, ਜਿਸ ਵਿਚ ਉਨ੍ਹਾਂ ਨੇ 3 ਸੈਂਕੜੇ ਤੇ 4 ਅਰਧ ਸੈਕੜਿਆਂ ਦੀ ਮਦਦ ਨਾਲ 978 ਦੌੜਾਂ ਬਣਾਈਆਂ ਸਨ। ਦੌੜਾਂ ਬਣਾਉਣ ਦੇ ਮਾਮਲੇ ਵਿਚ ਉਹ ਪੂਰੇ ਭਾਰਤ ਵਿਚ ਤੀਸਰੇ ਨੰਬਰ 'ਤੇ ਸਨ। ਉਨ੍ਹਾਂ ਨੇ ਸਭ ਤੋਂ ਵੱਧ 237 ਦੌੜਾਂ ਹਰਿਆਣਾ ਦੇ ਖਿਲਾਫ਼ ਬਣਾਈਆਂ ਸਨ। ਰਣਜੀ ਦੇ ਵਨ ਡੇ ਮੁਕਾਬਲਿਆਂ ਵਿਚ ਉਨ੍ਹਾਂ ਨੇ 6 ਮੈਚ ਖੇਡੇ ਸਨ। ਰਣਜੀ ਤੇ ਵਨ ਡੇ ਮੁਕਾਬਲਿਆਂ ਵਿਚ ਉਨ੍ਹਾਂ ਨੇ 6 ਮੈਚਾਂ ਵਿਚ 2 ਸੈਂਕੜੇ ਤੇ 1 ਅਰਧ ਸੈਂਕੜੇ ਦੀ ਮਦਦ ਨਾਲ 330 ਦੌੜਾਂ ਬਣਾਈਆਂ ਸਨ। ਉਨ੍ਹਾਂ ਦਾ ਬਿਹਤਰੀਨ ਸਕੋਰ ਦਿੱਲੀ ਦੇ ਖਿਲਾਫ ਸੀ, ਹਾਲ ਹੀ ਵਿਚ ਲਖਨਊ ਵਿਚ ਦਲੀਪ ਟ੍ਰਾਫ਼ੀ ਵਿਚ ਉਨ੍ਹਾਂ ਨੇ ਡੈਬਿਊ ਮੈਚ ਵਿਚ ਬਤੌਰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ 65 ਦੌੜਾਂ ਦੀ ਪਾਰੀ ਖੇਡੀ ਸੀ। 
ਵਿਰਾਸਤ ਵਿਚ ਮਿਲੀ ਖੇਡ 
ਸਲਾਮੀ ਬੱਲੇਬਾਜ਼ ਪ੍ਰਸ਼ਾਂਤ ਨੂੰ ਖੇਡ ਵਿਰਾਸਤ ਵਿਚ ਮਿਲੀ ਹੈ। ਉਸ ਦੀ ਮਾਂ ਵਾਲੀਬਾਲ ਦੀ ਕੋਚ ਤੇ ਪਿਤਾ ਸ਼ਿਵ ਕੁਮਾਰ ਚੋਪੜਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਕੋਚ ਹਨ। ਪ੍ਰਸ਼ਾਂਤ ਦਾ ਕ੍ਰਿਕਟ ਕਰੀਅਰ ਵੀ ਪਿਤਾ ਦੀ ਦੇਖ-ਰੇਖ ਹੇਠ ਹੀ ਸ਼ੁਰੂ ਹੋਇਆ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਪ੍ਰਸ਼ਾਂਤ ਨੂੰ ਲੈ ਕੇ ਉਹ ਸਾਲ 2008 ਵਿਚ ਚੰਡੀਗੜ੍ਹ ਆ ਗਏ ਸਨ। ਇਸ ਤੋਂ ਬਾਅਦ ਪ੍ਰਸ਼ਾਂਤ ਨੇ ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਵਿਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਪ੍ਰਸ਼ਾਂਤ ਭਾਰਤੀ ਅੰਡਰ-19 ਵਰਲਡ ਕੱਪ ਜੇਤੂ ਟੀਮ ਦੇ ਵੀ ਹਿੱਸਾ ਰਹੇ ਹਨ। ਨਿਊਜ਼ੀਲੈਂਡ ਦੀ ਟੀਮ ਅਕਤੂਬਰ ਮਹੀਨੇ ਵਿਚ ਭਾਰਤੀ ਦੌਰੇ 'ਤੇ ਆਉਣ ਵਾਲੀ ਹੈ, ਇਸ ਦੌਰਾਨ ਉਹ ਭਾਰਤੀ ਕ੍ਰਿਕਟ ਟੀਮ ਏ ਨਾਲ ਦੋ ਅਭਿਆਸ ਮੈਚ ਖੇਡੇਗੀ। 
ਪਿਤਾ ਹਨ ਕੋਚ, ਉਹ ਹੀ ਸਿਖਾ ਰਹੇ ਨੇ ਬਾਰਾਕੀਆਂ
ਪ੍ਰਸ਼ਾਂਤ ਚੋਪੜਾ ਪਹਿਲਾਂ ਹੀ ਰਣਜੀ ਮੁਕਾਬਲੇ ਵਿਚ ਹਿਮਾਚਲ ਪ੍ਰਦੇਸ਼ ਵਲੋਂ ਖੇਡਦੇ ਹਨ ਪਰ ਹੱਥ ਵਿਚ ਬੱਲਾ ਫੜਨਾ ਉਨ੍ਹਾਂ ਨੇ ਸੈਕਟਰ-16 ਦੇ ਕ੍ਰਿਕਟ ਮੈਦਾਨ ਵਿਚ ਹੀ ਸਿੱਖਿਆ। 2008 ਤੋਂ ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਵਿਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਕੋਚ ਉਨ੍ਹਾਂ ਦੇ ਪਿਤਾ ਹਨ। ਉਹ ਰੋਜ਼ਾਨਾ ਕਰੀਬ ਛੇ ਘੰਟੇ ਅਭਿਆਸ ਕਰਦੇ ਹਨ। ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਨੂੰ ਬੀ. ਸੀ. ਸੀ. ਆਈ. ਤੋਂ ਮਾਨਤਾ ਨਾ ਮਿਲਣ ਦੇ ਕਾਰਨ ਸ਼ਹਿਰ ਦੇ ਖਿਡਾਰੀ ਨੂੰ ਰਣਜੀ ਮੁਕਾਬਲੇ ਹਿਮਾਚਲ, ਪੰਜਾਬ ਤੇ ਹਰਿਆਣਾ ਵਲੋਂ ਖੇਡਣੇ ਪੈਂਦੇ ਹਨ।


Related News