ਰੁਸਤਮ-ਏ-ਹਿੰਦ ਦਾਰਾ ਸਿੰਘ ਦੇ ਪੁੱਤਰ ਨਾਲ ਕਰੋੜਾਂ ਦੀ ਠੱਗੀ

Tuesday, Jun 17, 2025 - 05:09 AM (IST)

ਰੁਸਤਮ-ਏ-ਹਿੰਦ ਦਾਰਾ ਸਿੰਘ ਦੇ ਪੁੱਤਰ ਨਾਲ ਕਰੋੜਾਂ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) - ਮਰਹੂਮ ਬਾਲੀਵੁੱਡ ਅਦਾਕਾਰ ਤੇ ਰੁਸਤਮ-ਏ-ਹਿੰਦ ਦਾਰਾ ਸਿੰਘ ਦੇ ਪੁੱਤਰ ਅਮਰੀਕ ਸਿੰਘ ਰੰਧਾਵਾ ਨਾਲ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਰੀਅਲ ਅਸਟੇਟ ਕੰਪਨੀ ‘ਬਲੂ ਕੋਸਟ ਇਨਫ੍ਰਾਸਟਰਕਚਰ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਤੇ ਜੋਏ ਹੋਟਲਜ਼ ਐਂਡ ਰਿਜ਼ੌਰਟਸ ਦੇ ਪੰਜ ਤਾਰਾ ਹੋਟਲ ਪ੍ਰਾਜੈਕਟ ਵਿਚ ਨਿਵੇਸ਼ ਕੀਤਾ ਸੀ।

ਕੰਪਨੀ ਨੇ ਉਨ੍ਹਾਂ ਨੂੰ ਚੰਗੇ ਰਿਟਰਨ ਦਾ ਲਾਲਚ ਦੇ ਕੇ 1.64 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਪਰ ਨਾ ਤਾਂ ਉਨ੍ਹਾਂ ਨੂੰ ਜਾਇਦਾਦ ਦਾ ਕਬਜ਼ਾ ਮਿਲਿਆ ਅਤੇ ਨਾ ਹੀ ਉਨ੍ਹਾਂ ਨੂੰ ਵਿਆਜ ਦੀ ਪੂਰੀ ਰਕਮ ਅਦਾ ਕੀਤੀ ਗਈ। ਹੁਣ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ਦਾ ਨੋਟਿਸ ਲਿਆ ਹੈ ਅਤੇ ਦੋਵਾਂ ਕੰਪਨੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ। ਚੰਡੀਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਹੁਕਮ ਦਿੱਤਾ ਗਿਆ ਹੈ ਕਿ ਤਿੰਨ ਮਹੀਨਿਆਂ ਅੰਦਰ ਜਾਂਚ ਪੂਰੀ ਕਰ ਕੇ ਅੰਤਿਮ ਰਿਪੋਰਟ ਸਬੰਧਤ ਅਦਾਲਤ ’ਚ ਪੇਸ਼ ਕੀਤੀ ਜਾਵੇ।

ਅਮਰੀਕ ਸਿੰਘ ਰੰਧਾਵਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਸਾਲ 2010 ਵਿਚ ਉਪਰੋਕਤ ਕੰਪਨੀਆਂ ਨੇ ਸੈਕਟਰ-8ਬੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਆ ਕੇ ਦੱਸਿਆ ਕਿ ਉਨ੍ਹਾਂ ਦਾ ਇੰਡਸਟਰੀਅਲ ਏਰੀਆ, ਫੇਜ਼-2 ਵਿਚ ਇਕ ਪਲਾਟ ਹੈ, ਜਿਸ ’ਤੇ ਉਹ ਪੰਜ ਤਾਰਾ ਹੋਟਲ ਬਣਾ ਰਹੇ ਹਨ, ਜਿਸ ਦਾ ਨਾਂ ਉਨ੍ਹਾਂ ਨੇ ਹੋਟਲ ਸ਼ੈਰੇਟਨ ਦੱਸਿਆ। ਉਨ੍ਹਾਂ ਨੇ ਪ੍ਰਸਤਾਵ ਦਿੱਤਾ ਕਿ ਜੇ ਉਹ ਇੱਥੇ ਇਕ ਸਟੂਡੀਓ ਯੂਨਿਟ ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ ਹਰ ਮਹੀਨੇ ਇਕ ਨਿਸ਼ਚਿਤ ਰਿਟਰਨ ਮਿਲੇਗਾ।

ਕੰਪਨੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਪਿਤਾ ਦਾਰਾ ਸਿੰਘ ਨੇ 21 ਅਗਸਤ 2010 ਨੂੰ ਹੋਟਲ ਵਿਚ ਦੁਕਾਨ ਨੰਬਰ-20 ਲਈ 94.26 ਲੱਖ ਰੁਪਏ ਦਾ ਸੌਦਾ ਕੀਤਾ, ਜਿਸ ਵਿਚ 90 ਪ੍ਰਤੀਸ਼ਤ ਰਕਮ ਪਹਿਲਾਂ ਹੀ ਅਦਾ ਕਰ ਦਿੱਤੀ ਗਈ ਸੀ। ਕੰਪਨੀ ਨੇ ਕੁਝ ਮਹੀਨਿਆਂ ਤੱਕ ਤਾਂ ਰਿਟਰਨ ਦਿੱਤਾ ਪਰ ਉਸ ਤੋਂ ਬਾਅਦ ਭੁਗਤਾਨ ਕਰਨਾ ਬੰਦ ਕਰ ਦਿੱਤਾ।


author

Inder Prajapati

Content Editor

Related News