ਮੁੱਖ ਮੰਤਰੀ ਵੱਲੋਂ ਹਿਟਲਰ ਦੀ ਕਿਤਾਬ ਭੇਜਣ 'ਤੇ ਅਕਾਲੀ ਦਲ ਨੇ ਕੀਤਾ ਤਿੱਖਾ ਪਲਟਵਾਰ

Thursday, Jan 23, 2020 - 09:39 AM (IST)

ਮੁੱਖ ਮੰਤਰੀ ਵੱਲੋਂ ਹਿਟਲਰ ਦੀ ਕਿਤਾਬ ਭੇਜਣ 'ਤੇ ਅਕਾਲੀ ਦਲ ਨੇ ਕੀਤਾ ਤਿੱਖਾ ਪਲਟਵਾਰ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਰਮਨੀ ਦੇ ਤਾਨਾਸ਼ਾਹ ਏਡੋਲਫ ਹਿਟਲਰ ਦੀ ਆਤਮਕਥਾ 'ਮੀਨ ਕੈਂਫ' ਭਿਜਵਾਉਣ 'ਤੇ ਅਕਾਲੀ ਦਲ ਨੇ ਤਿੱਖਾ ਪਲਟਵਾਰ ਕੀਤਾ ਹੈ। ਬੁੱਧਵਾਰ ਨੂੰ ਚੰਡੀਗੜ੍ਹ 'ਚ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਹਾਲੇ ਤੱਕ ਅਕਾਲੀ ਦਲ ਕੋਲ ਕੋਈ ਕਿਤਾਬ ਜਾਂ ਖ਼ਤ ਨਹੀਂ ਆਇਆ ਹੈ ਪਰ ਜਦੋਂ ਵੀ ਖ਼ਤ ਆਵੇਗਾ ਉਸ ਦਾ ਬਾਇੱਜ਼ਤ ਜਵਾਬ ਦਿੱਤਾ ਜਾਵੇਗਾ। ਚੀਮਾ ਨੇ ਕਿਹਾ ਕਿ 'ਮਹਾਰਾਜਿਆਂ' ਅਤੇ 'ਰਾਜਿਆਂ' 'ਤੇ ਕਈ ਕਿਤਾਬਾਂ ਛਪੀਆਂ ਹਨ, ਉਹ ਵੀ ਸਬੂਤਾਂ ਦੇ ਨਾਲ ਭਿਜਵਾ ਦਿੱਤੀਆਂ ਜਾਣਗੀਆਂ।

ਦਿੱਲੀ ਵਿਚ ਭਾਜਪਾ ਨਾਲ ਗੱਠਜੋੜ ਟੁੱਟਣ 'ਤੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਇਸ ਦਾ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਦਿੱਲੀ ਚੋਣਾਂ ਸਬੰਧੀ ਫੈਸਲਾ ਅਕਾਲੀ ਦਲ ਦੀ ਸਥਾਨਕ ਇਕਾਈ ਨੇ ਲਿਆ ਹੈ। ਅੱਗੇ ਦੇ ਫੈਸਲੇ ਵੀ ਸਥਾਨਕ ਇਕਾਈ ਹੀ ਲਵੇਗੀ। ਚੀਮਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਉਥੇ ਹੀ, ਅਕਾਲੀ ਦਲ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਲਗਾਤਾਰ ਸਿੱਖ ਸੰਸਥਾਵਾਂ ਨਾਲ ਸੰਪਰਕ 'ਚ ਹੈ। 24 ਜਨਵਰੀ ਨੂੰ ਇਕ ਸਮੂਹਿਕ ਬੈਠਕ ਵੀ ਬੁਲਾਈ ਗਈ ਹੈ। ਸਿੱਖ ਸੰਸਥਾਵਾਂ ਦਾ ਜੋ ਵੀ ਫੀਡਬੈਕ ਹੋਵੇਗਾ, ਉਸੇ ਆਧਾਰ 'ਤੇ ਅਗਲਾ ਫ਼ੈਸਲਾ ਲਿਆ ਜਾਵੇਗਾ।

ਸਰਵਦਲੀ ਬੈਠਕ 'ਚ ਅਕਾਲੀ ਦਲ ਦੇ 3 ਸੀਨੀਅਰ ਨੇਤਾ ਲੈਣਗੇ ਹਿੱਸਾ
ਵੀਰਵਾਰ ਨੂੰ ਪਾਣੀਆਂ ਦੇ ਮੁੱਦੇ 'ਤੇ ਪ੍ਰਸਤਾਵਿਤ ਪੰਜਾਬ ਸਰਕਾਰ ਦੀ ਸਰਵਦਲੀ ਬੈਠਕ 'ਚ ਅਕਾਲੀ ਦਲ ਦੇ 3 ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਹੋਣਗੇ। ਚੀਮਾ ਨੇ ਕਿਹਾ ਕਿ ਸਰਕਾਰ ਨੇ ਇਸ ਬੈਠਕ ਦੀ ਕੋਈ ਵਿਸਥਾਰਿਤ ਸੂਚਨਾ ਨਹੀਂ ਦਿੱਤੀ ਹੈ। ਸਿਰਫ਼ ਨਦੀਆਂ ਅਤੇ ਭੂ-ਜਲ ਸੁਰੱਖਿਆ ਦਾ ਸਿੰਗਲ ਲਾਈਨ ਏਜੰਡਾ ਦੱਸਿਆ ਗਿਆ ਹੈ। ਫਿਰ ਵੀ ਅਕਾਲੀ ਦਲ ਇਸ ਬੈਠਕ 'ਚ ਆਪਣੇ ਸਟੈਂਡ 'ਤੇ ਕਾਇਮ ਰਹਿੰਦੇ ਹੋਏ ਮੰਗ ਚੁੱਕੇਗਾ ਕਿ ਪੰਜਾਬ ਕੋਲ ਇਕ ਵੀ ਬੂੰਦ ਫਾਲਤੂ ਪਾਣੀ ਨਹੀਂ ਹੈ। ਪੰਜਾਬ ਨੂੰ ਰਿਪੇਰੀਅਨ ਸਟੇਟ ਦੇ ਤੌਰ 'ਤੇ ਮਿਲਣ ਵਾਲੇ ਪਾਣੀ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ।

ਬਹਿਬਲ ਕਲਾਂ ਕਾਂਡ ਦੇ ਗਵਾਹ ਦੀ ਮੌਤ ਦਾ ਲਿਆ ਗੰਭੀਰ ਨੋਟਿਸ
ਚੀਮਾ ਨੇ ਕਿਹਾ ਕਿ ਕੋਰ ਕਮੇਟੀ ਨੇ ਬਹਿਬਲ ਕਲਾਂ ਮਾਮਲੇ 'ਚ ਪ੍ਰਮੁੱਖ ਗਵਾਹ ਦੀ ਮੌਤ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਛੇਤੀ ਹੀ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਇਹ ਬੇਹੱਦ ਚਿੰਤਾ ਦੀ ਗੱਲ ਹੈ ਕਿ ਜਿਸ ਗਵਾਹ ਦੀ ਮੌਤ ਹੋਈ ਹੈ, ਉਸ ਦੀ ਪਤਨੀ ਨੇ ਪੰਜਾਬ ਕਾਂਗਰਸ ਦੇ 2 ਆਗੂਆਂ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਅਧਿਕਾਰੀ ਉਸ ਦੇ ਪਰਿਵਾਰ ਨੂੰ ਜ਼ਲੀਲ ਕਰ ਰਹੇ ਸਨ। ਅਜਿਹੇ 'ਚ ਇਸ ਮੌਤ ਨਾਲ ਕਈ ਸ਼ੱਕ ਖੜ੍ਹੇ ਹੁੰਦੇ ਹਨ। ਚਿੰਤਾਜਨਕ ਗੱਲ ਇਹ ਵੀ ਹੈ ਕਿ ਇਸ ਮੌਤ ਤੋਂ ਪਹਿਲਾਂ ਵੀ ਇਕ ਗਵਾਹ ਦੀ ਜੇਲ 'ਚ ਮੌਤ ਹੋ ਚੁੱਕੀ ਹੈ। ਅਜਿਹੇ 'ਚ ਕੋਰ ਕਮੇਟੀ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਸਬੰਧੀ ਮੀਮੋ ਸੌਂਪੇਗੀ।

ਦਿੱਲੀ 'ਚ ਕਮਲਨਾਥ ਨੂੰ ਬੋਲਣ ਨਹੀਂ ਦੇਵੇਗਾ ਸਿੱਖ ਭਾਈਚਾਰਾ
ਅਕਾਲੀ ਦਲ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਚੋਣਾਂ 'ਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਸ਼ਾਮਿਲ ਕਰਨ 'ਤੇ ਗਹਿਰਾ ਰੋਸ ਜਤਾਇਆ ਹੈ। ਸਿਰਸਾ ਨੇ ਕਿਹਾ ਕਿ ਇਸ ਕਦਮ ਨੇ ਕਾਂਗਰਸ ਦੇ ਸਿੱਖ ਵਿਰੋਧੀ ਚਿਹਰੇ ਨੂੰ ਸਾਹਮਣੇ ਲਿਆ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਇਹ ਵਾਅਦਾ ਕਰਦੀ ਹੈ ਕਿ ਚੋਣਾਂ ਦੌਰਾਨ ਕਮਲਨਾਥ ਨੂੰ ਕਿਸੇ ਵੀ ਮੰਚ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ।

ਪਾਕਿਸਤਾਨ ਦੇ ਘੱਟ-ਗਿਣਤੀਆਂ 'ਤੇ ਹਮਲੇ ਵਧੇ
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਾਕਿਸਤਾਨ 'ਚ ਘੱਟ-ਗਿਣਤੀਆਂ 'ਤੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਸ਼ੋਸ਼ਣ ਨਾਲ ਜੁੜੇ ਕਈ ਮਾਮਲੇ ਪਿਛਲੇ ਦਿਨੀਂ ਉਜਾਗਰ ਹੋਏ ਹਨ। ਸਿਰਸਾ ਨੇ ਕਿਹਾ ਕਿ 28 ਜਨਵਰੀ ਨੂੰ ਅਕਾਲੀ ਦਲ ਦਾ ਇਕ ਵਫ਼ਦ ਗ੍ਰਹਿ ਸਕੱਤਰ ਨਾਲ ਮੁਲਾਕਾਤ ਕਰੇਗਾ ਅਤੇ ਪਾਕਿਸਤਾਨ 'ਚ ਘੱਟ-ਗਿਣਤੀਆਂ ਦੇ ਸ਼ੋਸ਼ਣ 'ਤੇ ਪਾਕਿਸਤਾਨ 'ਚ ਇਕ ਡੈਲੀਗੇਸ਼ਨ ਭੇਜਣ ਲਈ ਮੀਮੋ ਦੇਵੇਗਾ।


author

cherry

Content Editor

Related News