ਕੈਪਟਨ ਦੀ ਕੇਂਦਰ ਨੂੰ ਅਪੀਲ, ਪਾਇਲਟ ਅਭਿਨੰਦਨ ਦੀ ਕਰਵਾਈ ਜਾਵੇ ਸੁਰੱਖਿਅਤ ਵਾਪਸੀ
Thursday, Feb 28, 2019 - 05:23 PM (IST)
ਚੰਡੀਗੜ੍ਹ— ਪਾਕਿਸਤਾਨ 'ਚ ਫਸੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਭਿਨੰਦਨ ਦੀ ਸੁਰੱਖਿਅਤ ਭਾਰਤ ਵਾਪਸੀ ਕਰਵਾਈ ਜਾਵੇ, ਜੋ ਕਿ ਪਾਕਿਸਤਾਨ ਦੇ ਕਬਜ਼ੇ ਵਿਚ ਹੈ।
ਦੱਸ ਦੇਈਏ ਕਿ ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਈਕ ਤੋਂ ਬੌਖਲਾਏ ਪਾਕਿਸਤਾਨ ਨੇ ਕੱਲ ਭਾਵ ਬੁੱਧਵਾਰ ਨੂੰ ਭਾਰਤੀ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ। ਪਾਕਿਸਤਾਨੀ ਲੜਾਕੂ ਜਹਾਜ਼ ਐੱਫ.-16 ਨੂੰ ਮਾਰ ਡਿਗਾਉਣ ਤੋਂ ਬਾਅਦ ਅਭਿਨੰਦਨ ਦਾ ਫਾਈਟਰ ਪਲੇਨ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਤੋਂ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀ. ਓ. ਕੇ. 'ਚ ਪੁੱਜ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਜ਼ਰੀਏ ਮੰਨਿਆ ਕਿ ਸਾਡਾ ਪਾਇਲਟ ਲਾਪਤਾ ਹੈ। ਸੂਤਰਾਂ ਮੁਤਾਬਕ ਲਾਪਤਾ ਪਾਇਲਟ ਦਾ ਨਾਂ ਅਭਿਨੰਦਨ ਹੈ ਅਤੇ ਹੁਣ ਉਸ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।