ਕੈਪਟਨ ਨੇ ਚੰਡੀਗੜ੍ਹ ਨੂੰ ਓਪਨ ਸਕਾਈ ਨੀਤੀ ਹੇਠ ਲਿਆਉਣ ਲਈ ਕੇਂਦਰ ਨੂੰ ਲਿਖੀ ਚਿੱਠੀ

Wednesday, Feb 27, 2019 - 09:38 AM (IST)

ਕੈਪਟਨ ਨੇ ਚੰਡੀਗੜ੍ਹ ਨੂੰ ਓਪਨ ਸਕਾਈ ਨੀਤੀ ਹੇਠ ਲਿਆਉਣ ਲਈ ਕੇਂਦਰ ਨੂੰ ਲਿਖੀ ਚਿੱਠੀ

ਚੰਡੀਗੜ੍ਹ(ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਦੀ ਓਪਨ ਸਕਾਈ ਨੀਤੀ ਹੇਠ ਆਸੀਆਨ ਦੇਸ਼ਾਂ ਦੀਆਂ ਏਅਰਲਾਈਨਜ਼ ਦੀਆਂ ਗਤੀਵਿਧੀਆਂ ਲਈ ਨੋਟੀਫਾਈ ਕੀਤੇ ਸ਼ਹਿਰਾਂ ਦੀ ਸੂਚੀ ਵਿਚ ਚੰਡੀਗੜ੍ਹ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਲਿਖੇ ਇਕ ਅਰਧ ਸਰਕਾਰੀ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਐੱਸ. ਏ. ਐੱਸ. ਨਗਰ (ਮੋਹਾਲੀ) ਤੋਂ ਅੰਤਰਰਾਸ਼ਟਰੀ ਉਡਾਣਾਂ ਪਿਛਲੇ ਤਿੰਨ ਸਾਲਾਂ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਪਹਿਲੀ ਅਪ੍ਰੈਲ 2019 ਤੋਂ ਕੋਡ 4 ਈ ਸਟੇਟਸ ਪੱਧਰ ਉੱਚਾ ਹੋਣ ਨਾਲ ਵੱਡੇ ਹਵਾਈ ਜਹਾਜ਼ਾਂ ਲਈ 24 ਘੰਟੇ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਵਿਚ ਅੱਗੇ ਲਿਖਿਆ ਕਿ ਮੌਜੂਦਾ ਸਮੇਂ ਇਹ ਏਅਰ ਪੋਰਟ ਆਸੀਆਨ ਦੇਸ਼ਾਂ ਦੇ ਸਿੰਗਾਪੁਰ, ਬੈਂਕਾਕ, ਹਾਂਗਕਾਂਗ ਅਤੇ ਕੁਆਲਾਲੰਪੁਰ ਵਰਗੇ ਅੰਤਰ ਰਾਸ਼ਟਰੀ ਸਥਾਨਾਂ ਵਾਸਤੇ ਸਿੱਧੀਆਂ ਉਡਾਣਾਂ ਕਰਨ ਵਾਸਤੇ ਅਸਮਰੱਥ ਹੈ। ਇਸ ਦੇ ਨਤੀਜੇ ਵਜੋਂ ਇਸ ਖਿੱਤੇ ਦੇ ਯਾਤਰੀਆਂ ਨੂੰ ਇਨ੍ਹਾਂ ਦੇਸ਼ਾਂ ਦੀ ਉਡਾਣ ਲੈਣ ਲਈ ਦਿੱਲੀ ਜਾਣਾ ਪੈਂਦਾ ਹੈ।

ਆਸੀਆਨ ਦੇਸ਼ਾਂ ਲਈ ਭਾਰਤ ਸਰਕਾਰ ਦੀ ਓਪਨ ਸਕਾਈ ਨੀਤੀ ਹੇਠ ਦੇਸ਼ ਵਿਚ ਏਅਰਲਾਈਨਾਂ ਦੀਆਂ ਗਤੀਵਿਧੀਆਂ ਵਾਸਤੇ 18 ਸ਼ਹਿਰਾਂ ਨੂੰ ਨੋਟੀਫਾਈ ਕੀਤਾ ਹੈ। ਇਸ ਵੇਲੇ ਚੰਡੀਗੜ੍ਹ ਭਾਰਤ ਸਰਕਾਰ ਦੀਆਂ ਨੋਟੀਫਾਈ ਕੀਤੀਆਂ ਇਨ੍ਹਾਂ 18 ਸ਼ਹਿਰਾਂ ਦੀ ਸੂਚੀ ਵਿਚ ਨਹੀਂ ਹੈ। ਕੋਡ 4ਈ ਤੱਕ ਦਾ ਪੱਧਰ ਉੱਚਾ ਹੋਣ ਨਾਲ ਇਹ ਓਪਨ ਸਕਾਈ ਨੀਤੀ ਹੇਠ ਨੋਟੀਫਾਈ ਕਰਨ ਦੇ ਯੋਗ ਹੋ ਜਾਵੇਗਾ। ਇਨ੍ਹਾਂ ਤੱਥਾਂ ਵੱਲ ਧਿਆਨ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਪਹਿਲੀ ਅਪ੍ਰੈਲ, 2019 ਤੋਂ ਆਸੀਆਨ ਦੇਸ਼ਾਂ ਲਈ ਏਅਰਲਾਈਨਜ਼ ਦੀਆਂ ਗਤੀਵਿਧੀਆਂ ਵਾਸਤੇ ਓਪਨ ਸਕਾਈ ਨੀਤੀ ਦੇ ਹੇਠ ਐੱਸ.ਏ.ਐੱਸ. ਨਗਰ ਦੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਦੇ ਵਾਸਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ। ਇਸ ਦੇ ਨਾਲ ਇਸ ਖਿੱਤੇ ਦੇ ਮੁਸਾਫਰਾਂ ਦੇ ਨਾ ਸਿਰਫ ਸਫ਼ਰ ਕਰਨ ਦੇ ਸਮੇਂ ਵਿਚ ਕਮੀ ਆਵੇਗੀ ਸਗੋਂ ਇਸ ਨਾਲ ਸੈਰ-ਸਪਾਟੇ, ਆਰਥਿਕਤਾ ਅਤੇ ਪੂੰਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵੀ ਹੱਲਾਸ਼ੇਰੀ  ਮਿਲੇਗੀ।


author

cherry

Content Editor

Related News