ਚੰਡੀਗੜ੍ਹ : ਉਮੀਦਵਾਰਾਂ ਨੇ ਵੋਟਾਂ ਪਾਉਣ ਤੋਂ ਬਾਅਦ ਇਕ-ਦੂਜੇ 'ਤੇ ਕੱਢੀ ਭੜਾਸ
Sunday, May 19, 2019 - 05:58 PM (IST)

ਚੰਡੀਗੜ੍ਹ : ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ, ਭਾਜਪਾ ਉਮੀਦਵਾਰ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੇ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਵੋਟ ਪਾਉਣ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਨੇ ਇਕ-ਦੂਜੇ 'ਤੇ ਕਾਫੀ ਭੜਾਸ ਕੱਢੀ। ਪਵਨ ਬਾਂਸਲ ਨੇ ਕਿਹਾ ਕਿ ਚੰਡੀਗੜ੍ਹ 'ਚ ਮੋਦੀ ਦੀ ਲਹਿਰ ਨਹੀਂ ਹੈ ਅਤੇ ਪਿਛਲੇ ਸਾਲਾਂ ਦੌਰਾਨ ਕਿਰਨ ਖੇਰ ਨੇ ਕੋਈ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੁੰ ਜਿੱਤ ਦੀ ਪੂਰੀ ਆਸ ਹੈ।
ਉੱਥੇ ਹੀ ਕਿਰਨ ਖੇਰ ਨੇ ਕਿਹਾ ਕਿ ਜੇਕਰ ਪਵਨ ਬਾਂਸਲ ਨੂੰ ਆਸ ਹੈ ਤਾਂ ਉਹ ਰੱਖਣ ਪਰ ਉਨ੍ਹਾਂ ਨੂੰ 500 ਫੀਸਦੀ ਭਰੋਸਾ ਹੈ ਕਿ ਉਨ੍ਹਾਂ ਦੀ ਹੀ ਜਿੱਤ ਹੋਵੇਗੀ। ਇਸ ਤੋਂ ਇਲਾਵਾ ਹਰਮੋਹਨ ਧਵਨ ਨੇ ਵੀ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਇਕ ਬਦਲ ਚਾਹੀਦਾ ਸੀ ਅਤੇ ਉਹ ਬਦਲ ਉਹ ਖੁਦ ਹੀ ਹਨ, ਇਸ ਲਈ ਇਸ ਸੀਟ ਤੋਂ ਉਹ ਹੀ ਜਿੱਤਣਗੇ।