ਚੰਡੀਗੜ੍ਹ ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ; ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
Monday, Mar 04, 2024 - 09:24 AM (IST)
ਚੰਡੀਗੜ੍ਹ (ਰਾਏ): ਅੱਜ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵੱਲੋਂ ਸੋਸ਼ਲ ਮੀਡੀਆ ’ਤੇ ਕੀਤਾ ਗਿਆ ਇਕ ਟਵੀਟ ਭਾਜਪਾ ਨੂੰ ਮਹਿੰਗਾ ਪੈ ਸਕਦਾ ਹੈ। ਟਵੀਟ ’ਚ ਚੰਡੀਗੜ੍ਹ ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਡੇ ਦੇਸ਼ ਦੇ ਕਿਸਾਨ ਕਿਸੇ ਵੀ ਮਦਦ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਦੇ ਇਸ ਟਵੀਟ ਤੋਂ ਤੁਰੰਤ ਬਾਅਦ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਣਾ ਸ਼ੁਰੂ ਕਰ ਦਿੱਤਾ, ਉੱਥੇ ਹੀ ਨਗਰ ਨਿਗਮ ’ਚ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਹਰਦੀਪ ਸਿੰਘ ਨੇ ਨਾ ਸਿਰਫ਼ ਇਸ ਟਵੀਟ ਨੂੰ ਗੰਭੀਰਤਾ ਨਾਲ ਲਿਆ ਸਗੋਂ ਸੋਮਵਾਰ ਨੂੰ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਵੀ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਜਿਹੀ ਪਾਰਟੀ ਦੀ ਹਮਾਇਤ ਕਿਵੇਂ ਕਰ ਸਕਦੇ ਹਨ ਜੋ ਕਿਸਾਨ ਵਿਰੋਧੀ ਹੋਵੇ। ਉਨ੍ਹਾਂ ਦੇ ਇਸ ਰਵੱਈਏ ਤੋਂ ਬਾਅਦ ਭਾਜਪਾ ਨੂੰ ਇਹ ਚੋਣ ਜਿੱਤਣ ’ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਭਾਜਪਾ ਕੋਲ ਵੀ ਕੁੱਲ੍ਹ 17 ਵੋਟਾਂ ਹਨ ਅਤੇ ‘ਆਪ’-ਕਾਂਗਰਸ ਗਠਜੋੜ ਕੋਲ ਵੀ 17 ਹਨ ਪਰ ਭਾਜਪਾ ਕੋਲ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਹੈ, ਜਿਸ ਕਾਰਨ ਉਸ ਦੀਆਂ ਕੁੱਲ ਵੋਟਾਂ ਦੀ ਗਿਣਤੀ 18 ਬਣਦੀ ਹੈ। ਪਿਛਲੀ ਮੇਅਰ ਚੋਣ ’ਚ ਅਕਾਲੀ ਦਲ ਦੀ ਇਕ ਵੋਟ ਵੀ ਭਾਜਪਾ ਦੇ ਖਾਤੇ ’ਚ ਗਈ ਸੀ ਅਤੇ ਇਸ ਚੋਣ ’ਚ ਵੀ ਭਾਜਪਾ ਨੂੰ ਭਰੋਸਾ ਸੀ ਕਿ ਅਕਾਲੀ ਦਲ ਦੇ ਕੌਂਸਲਰ ਦੀ ਵੋਟ ਉਨ੍ਹਾਂ ਨੂੰ ਹੀ ਪਵੇਗੀ ਪਰ ਭਾਜਪਾ ਪ੍ਰਧਾਨ ਦੇ ਟਵੀਟ ਨੇ ਇਹ ਕੀਮਤੀ ਅਤੇ ਮਹੱਤਵਪੂਰਨ ਵੋਟ ਗੁਆ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ 'ਚ ਮੌਜੂਦਾ ਸੰਸਦ ਮੈਂਬਰਾਂ ਦੀ ਸੀਟ 'ਚ ਬਦਲਾਅ ਕਰ ਸਕਦੀ ਹੈ ਕਾਂਗਰਸ !
ਇਸ ਸਮੇਂ ਨਿਗਮ ’ਚ ਭਾਜਪਾ ਕੋਲ ‘ਆਪ’ ਦੇ ਤਿੰਨ ਕੌਂਸਲਰਾਂ ਸਮੇਤ ਕੁੱਲ 17 ਕੌਂਸਲਰ ਹਨ ਅਤੇ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਭਾਜਪਾ ਕੋਲ ਵੱਖਰੀਹੈ। ਇਸ ਤਰ੍ਹਾਂ ਭਾਜਪਾ ਦੀਆਂ ਕੁੱਲ ਵੋਟਾਂ 18 ਹਨ। ਆਮ ਆਦਮੀ ਪਾਰਟੀ ਕੋਲ ਹੁਣ ਸਿਰਫ਼ 10 ਵੋਟਾਂ ਹਨ ਅਤੇ ਉੱਥੇ ਹੀ ਕਾਂਗਰਸ ਕੋਲ 7 ਵੋਟਾਂ ਹਨ। ਆਪ-ਕਾਂਗਰਸ ਗਠਜੋੜ ਕੋਲ ਹੁਣ ਕੁੱਲ 17 ਵੋਟਾਂ ਹਨ। ਜੇ ਗਠਜੋੜ ਆਪਣੇ ਤਿੰਨੇਂ ਕੌਂਸਲਰਾਂ ਨੂੰ ਵਾਪਸ ਲਿਆਉਣ ’ਚ ਸਫਲ ਹੋ ਜਾਂਦਾ ਹੈ ਜਾਂ ਭਾਜਪਾ ਦੇ ਖੇਮੇ ਤੋਂ ਕ੍ਰਾਸ ਵੋਟਿੰਗ ਕਰਵਾਉਣ ’ਚ ਕਾਮਯਾਬ ਰਿਹਾ ਅਤੇ ਜੇ ਗਠਜੋੜ ਦੀ ਗਿਣਤੀ ਭਾਜਪਾ ਤੋਂ ਜ਼ਿਆਦਾ ਹੁੰਦੀ ਹੈ ਤਾਂ ਚੋਣਾਂ ’ਚ ‘ਇੰਡੀਆ’ ਗਠਜੋੜ ਦਾ ਰਾਹ ਸੁਖਾਲਾ ਹੋ ਸਕਦਾ ਹੈ।
ਮੇਅਰ ਚੋਣਾਂ ’ਚ ਸੀ ਇੰਡੀਆ ਗਠਜੋੜ ਕੋਲ ਬੜ੍ਹਤ
ਇਸ ਤੋਂ ਪਹਿਲਾਂ ਜਦੋਂ ਗਠਜੋੜ ਦੇ ਉਮੀਦਵਾਰਾਂ ਨੇ ਸੁਪਰੀਮ ਕੋਰਟ ਅਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, ਉਦੋਂ ਉਸ ਕੋਲ 20 ਵੋਟਾਂ ਸਨ। ਇਸ ਦੌਰਾਨ ਜੋੜ-ਤੋੜ ਦੀ ਰਾਜਨੀਤੀ ਇੰਨੀ ਭਾਰੂ ਹੋ ਗਈ ਸੀ ਕਿ ਸੁਪਰੀਮ ਕੋਰਟ ’ਚ ਅੰਤਿਮ ਸੁਣਵਾਈ ਤੋਂ ਠੀਕ ਪਹਿਲਾਂ ਗਠਜੋੜ ਅਤੇ ‘ਆਪ’ ਦੇ ਤਿੰਨ ਕੌਂਸਲਰ ਨੇਹਾ, ਪੂਨਮ ਅਤੇ ਕਾਲਾ ਪਾਲਾ ਬਦਲ ਕੇ ਭਾਜਪਾ ’ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਗਠਜੋੜ ਦੀ ਗਿਣਤੀ 17 ਰਹਿ ਗਈ ਅਤੇ ਭਾਜਪਾ ਦੀਆਂ ਸੰਸਦ ਮੈਂਬਰ ਸਮੇਤ 18 ਵੋਟਾਂ ਬਣ ਗਈਆਂ। 30 ਜਨਵਰੀ ਨੂੰ ਹੋਈਆਂ ਮੇਅਰ ਚੋਣਾਂ ’ਚ ਭਾਜਪਾ ਨੂੰ ਆਪਣੀ ਪਾਰਟੀ ਤੋਂ ਇਲਾਵਾ ਇੱਕਮਾਤਰ ਅਕਾਲੀ ਦਲ ਦੀ ਹੀ ਹਮਾਇਤ ਮਿਲ ਸਕੀ ਸੀ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਭਾਜਪਾ ਦਾ ਵੱਡਾ ਫ਼ੈਸਲਾ, ਅਜੈ ਮਿਸ਼ਰਾ ਟੈਨੀ ਨੂੰ ਦਿੱਤੀ ਲੋਕ ਸਭਾ ਟਿਕਟ; ਪੰਧੇਰ ਵੱਲੋਂ ਨਿਖੇਧੀ
ਕਿਸਾਨ ਵਿਰੋਧੀ ਭਾਜਪਾ ਦਾ ਮੇਅਰ ਚੋਣਾਂ ’ਚ ਸਮਰਥਨ ਨਾ ਕਰੇ ਅਕਾਲੀ ਦਲ: ਕਾਂਗਰਸ
ਚੰਡੀਗੜ੍ਹ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਸੋਮਵਾਰ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਨੂੰ ਹਮਾਇਤ ਨਾ ਦੇਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਭਾਜਪਾ ’ਤੇ ਕਿਸਾਨ ਵਿਰੋਧੀ ਮਾਨਸਿਕਤਾ ਰੱਖਣ ਵਾਲੀ ਪਾਰਟੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਕਿਸਾਨ ਕਿਸੇ ਵੀ ਮੱਦਦ ਦੇ ਹੱਕਦਾਰ ਨਹੀਂ ਹਨ। ਇਹ ਸਭ ਭਾਜਪਾ ਦੇ ਕਿਸਾਨ ਵਿਰੋਧੀ ਰਵੱਈਏ ਨੂੰ ਦਰਸਾਉਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਹੀ ਹਰਿਆਣਾ ਸਰਕਾਰ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਪੰਜਾਬ-ਹਰਿਆਣਾ ਸਰਹੱਦ ’ਤੇ ਬੈਠੇ ਲੱਖਾਂ ਸ਼ਾਂਤਮਈ ਕਿਸਾਨਾਂ ’ਤੇ ਬੇਰਹਿਮੀ ਨਾਲ ਹਮਲੇ ਕੀਤੇ। ਭਾਜਪਾ ਸਰਕਾਰ ਵਲੋਂ ਉਨ੍ਹਾਂ ਨੂੰ ਹਰਿਆਣਾ ਤੋਂ ਨਿਕਲ ਕੇ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਭਾਜਪਾ ਸਰਕਾਰਾਂ ਦਾ ਅਜਿਹਾ ਤਾਨਾਸ਼ਾਹੀ ਅਤੇ ਜ਼ਾਲਮ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ 2021 ’ਚ ਪ੍ਰਧਾਨ ਮੰਤਰੀ ਦੀ ਜ਼ਿੱਦ ਕਾਰਨ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ’ਚ 700 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ। ਅੱਜ ਪ੍ਰਧਾਨ ਮੰਤਰੀ ਵਲੋਂ ਆਪਣੇ ਵਾਅਦਿਆਂ ਤੋਂ ਮੁੱਕਰਣ ’ਤੇ ਕਿਸਾਨ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਲਈ ਅਕਾਲੀ ਦਲ ਦੇ ਕੌਂਸਲਰ ਨੂੰ ਭਾਜਪਾ ਉਮੀਦਵਾਰਾਂ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਫਿਰ ਵੀ ਅਕਾਲੀ ਦਲ ਦੇ ਕੌਂਸਲਰ ਮੇਅਰ ਚੋਣਾਂ ’ਚ ਭਾਜਪਾ ਵਰਗੀ ਕਿਸਾਨ ਵਿਰੋਧੀ ਪਾਰਟੀ ਨੂੰ ਵੋਟ ਦਿੰਦੇ ਹਨ ਤਾਂ ਇਹ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਦੇ ਬਰਾਬਰ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ: SKM ਦੀ ਦੋਵਾਂ ਮੋਰਚਿਆਂ ਨੂੰ ਨਸੀਹਤ, 'ਸੰਘਰਸ਼ ਦੀ ਜਿੱਤ ਲਈ ਏਕਤਾ ਜ਼ਰੂਰੀ' (ਵੀਡੀਓ)
ਭਾਜਪਾ ਦੀ ਤਾਂ ਫ਼ਿਤਰਤ ਹੀ ਇਹੀ : ਪ੍ਰੇਮ ਗਰਗ
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਪ੍ਰੇਮ ਗਰਗ ਨੇ ਜਤਿੰਦਰ ਮਲਹੋਤਰਾ ਦੇ ਟਵੀਟ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਦੀ ਫ਼ਿਤਰਤ ਹੀ ਇਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ 365 ਦਿਨਾਂ ਦੇ ਪਹਿਲੇ ਪੜਾਅ ਤੋਂ ਬਾਅਦ ਹੁਣ ਦੂਜਾ ਪੜਾਅ ਵੀ ਇਕ ਮਹੀਨੇ ’ਚ ਪਹੁੰਚਣ ਵਾਲਾ ਹੈ ਅਤੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਤਾਂ ਕਿਸੇ ਮਦਦ ਦੇ ਹੱਕਦਾਰ ਹੀ ਨਹੀਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8