ਅੱਜ ਤੋਂ 'ਚੰਡੀਗੜ੍ਹ ਏਅਰਪੋਰਟ' ਨੂੰ ਮਿਲੇਗਾ ਨਵਾਂ ਨਾਂ, ਹੁਣ ਕਹਾਵੇਗਾ 'ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ'

Wednesday, Sep 28, 2022 - 09:27 AM (IST)

ਅੱਜ ਤੋਂ 'ਚੰਡੀਗੜ੍ਹ ਏਅਰਪੋਰਟ' ਨੂੰ ਮਿਲੇਗਾ ਨਵਾਂ ਨਾਂ, ਹੁਣ ਕਹਾਵੇਗਾ 'ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ'

ਚੰਡੀਗੜ੍ਹ (ਲਲਨ) : ਕੌਮਾਂਤਰੀ ਹਵਾਈ ਅੱਡੇ ਦੇ ਨਾਮ ਨੂੰ ਲੈ ਕੇ 14 ਸਾਲ ਪੁਰਾਣਾ ਵਿਵਾਦ ਆਖ਼ਰਕਾਰ ਖ਼ਤਮ ਹੋ ਗਿਆ ਹੈ। ਹੁਣ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਹੋਵੇਗਾ। ਸਿਵਲ ਐਵੀਏਸ਼ਨ ਨੇ ਸੱਦੇ 'ਚ ਚੰਡੀਗੜ੍ਹ ਦਾ ਨਾਮ ਵੀ ਸ਼ਾਮਲ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਬੁੱਧਵਾਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਮਕਰਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕਰੇਗਾ, ਜਿਸ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੁੱਖ ਮਹਿਮਾਨ ਵਜੋਂ ਮੌਜੂਦ ਹੋਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਕਿਰਨ ਖੇਰ ਅਤੇ ਕੇਂਦਰੀ ਰਾਜ ਸ਼ਹਿਰੀ ਹਵਾਬਾਜੀ ਮੰਤਰੀ ਡਾ. ਵਿਜੈ ਕੁਮਾਰ ਸਿੰਘ ਮੌਜੂਦ ਰਹਿਣਗੇ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ ਨੂੰ ਹੋਇਆ ਸੀ। ਇਹੀ ਕਾਰਣ ਹੈ ਕਿ ਸਿਵਲ ਏਵੀਏਸ਼ਨ ਵਲੋਂ ਇਸ ਦਿਨ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਵੀ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : CM ਮਾਨ ਵੱਲੋਂ ਪੰਜਾਬ ਵਿਧਾਨ ਸਭਾ 'ਚ 'ਭਰੋਸਗੀ ਮਤਾ' ਪੇਸ਼, ਸ਼ਾਇਰਾਨਾ ਅੰਦਾਜ਼ 'ਚ ਰਗੜੇ ਵਿਰੋਧੀ
ਨਾਮ ਨੂੰ ਲੈ ਕੇ ਵਿਵਾਦ 2008 ’ਚ ਹੋਇਆ ਸੀ ਸ਼ੁਰੂ
ਪਹਿਲੀ ਵਾਰ 25 ਮਾਰਚ, 2008 ਨੂੰ, ਪੰਜਾਬ ਵਿਧਾਨ ਸਭਾ 'ਚ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਚੰਡੀਗੜ੍ਹ ਦਾ ਨਾਮ ਸ਼ਹੀਦ ਸ. ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਰੱਖਣ ਦਾ ਇੱਕ ਅਣਅਧਿਕਾਰਤ ਮਤਾ ਪਾਸ ਕੀਤਾ ਗਿਆ ਸੀ। ਹਰਿਆਣਾ ਵਿਧਾਨ ਸਭਾ ਨੇ 28 ਜੂਨ, 2010 ਅਤੇ 16 ਸਤੰਬਰ, 2010 ਤੱਕ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਚੰਡੀਗੜ੍ਹ ਦਾ ਨਾਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਰੱਖਣ ਦਾ ਪ੍ਰਸਤਾਵ ਵੀ ਰੱਖਿਆ। ਅਜਿਹੇ 'ਚ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਸ. ਭਗਤ ਸਿੰਘ ਦੇ ਨਾਮ ’ਤੇ ਸਹਿਮਤ ਹਨ ਪਰ ਪੰਜਾਬ ਸਰਕਾਰ ਨਾਮ ’ਚ ਮੋਹਾਲੀ ਰੱਖਣਾ ਚਾਹੁੰਦੀ ਸੀ। ਇੰਨਾ ਹੀ ਨਹੀਂ 18 ਮਾਰਚ, 2016 ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਨਵੇਂ ਸਿਵਲ ਏਅਰ ਟਰਮੀਨਲ ਦਾ ਨਾਮ ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ ਰੱਖਣ ਦੇ ਪ੍ਰਸਤਾਵ ’ਤੇ ਦੁਬਾਰਾ ਵਿਚਾਰ ਕੀਤਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : 3 ਅਕਤੂਬਰ ਤੱਕ ਚੱਲੇਗਾ ਪੰਜਾਬ ਵਿਧਾਨ ਸਭਾ ਦਾ ਇਜਲਾਸ, ਅੱਜ ਦੀ ਕਾਰਵਾਈ ਸ਼ੁਰੂ

ਦੋਵੇਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਇੱਕ ਨਵਾਂ ਮਤਾ ਪਾਸ ਕਰਨ। ਇਸ ਸਬੰਧੀ ਹਰਿਆਣਾ ਵਿਧਾਨ ਸਭਾ ਨੇ 8 ਅਪ੍ਰੈਲ 2016 ਨੂੰ ਵਿਧਾਨ ਸਭਾ 'ਚ ਮਤਾ ਪਾਸ ਕਰ ਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਨਵੇਂ ਸਿਵਲ ਏਅਰ ਟਰਮੀਨਲ ਦਾ ਨਾਮ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਦੇ ਨਾਂ ’ਤੇ ਰੱਖਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਲੇ ਤੱਕ ਇਸ ਸਬੰਧੀ ਕੋਈ ਮਤਾ ਪਾਸ ਨਹੀਂ ਕੀਤਾ। ਜੀ ਹਾਂ, ਕੁਝ ਸਮੇਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਹੀ ਇਸ ਬਾਰੇ ਆਖ਼ਰੀ ਫ਼ੈਸਲਾ ਲੈਣਗੇ ਅਤੇ ਮੋਹਾਲੀ-ਚੰਡੀਗੜ੍ਹ ਦੋਵਾਂ ਨੂੰ ਇਕੱਠੇ ਰੱਖਦਿਆਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ ਪਰ ਫਿਰ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 


author

Babita

Content Editor

Related News