'ਚੰਡੀਗੜ੍ਹ ਹਵਾਈ ਅੱਡੇ' ਤੋਂ ਸ਼ੁਰੂ ਹੋਣਗੀਆਂ 3 ਨਵੀਆਂ ਘਰੇਲੂ ਉਡਾਣਾਂ, ਜਾਣੋ ਸਮਾਂ ਸੂਚੀ

Wednesday, Feb 03, 2021 - 01:36 PM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲਗਾਤਾਰ ਵੱਧ ਰਹੀ ਮੁਸਾਫ਼ਰਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਏਅਰਲਾਈਨਜ਼ ਵੱਲੋਂ ਮਾਰਚ 'ਚ ਤਿੰਨ ਵੱਖ-ਵੱਖ ਸੂਬਿਆਂ ਲਈ ਫਲਾਈਟ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਏਅਰਲਾਈਨਜ਼ ਵੱਲੋਂ ਚੰਡੀਗੜ੍ਹ-ਦੇਹਰਾਦੂਨ ਲਈ ਨਵੀਂ ਫਲਾਈਟ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਹੈਦਰਾਬਾਦ ਅਤੇ ਕੋਲਕਾਤਾ ਲਈ ਦੂਜੀ ਫਲਾਈਟ ਵੀ 28 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਅਜਿਹੇ 'ਚ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਹੁਣ 38 ਫਲਾਈਟਾਂ ਦੀ ਉਡਾਣ ਰੋਜ਼ ਹੋਵੇਗੀ।
ਤਿੰਨਾਂ ਫਲਾਈਟਾਂ 28 ਮਾਰਚ ਤੋਂ ਹੋਣਗੀਆਂ ਸ਼ੁਰੂ
ਇੰਡੀਗੋ ਏਅਰਲਾਈਨਜ਼ ਚੰਡੀਗੜ੍ਹ-ਦੇਹਰਾਦੂਨ ਦੇ ਵਿਚਕਾਰ ਨਵੀਂ ਫਲਾਈਟ 28 ਮਾਰਚ ਤੋਂ ਸ਼ੁਰੂ ਕਰੇਗਾ, ਜਿਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਹਫ਼ਤੇ 'ਚ 6 ਦਿਨ ਉਡਾਣ ਭਰੇਗੀ। ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਇਹ ਫਲਾਈਟ ਸ਼ਾਮ 6.30 ਵਜੇ ਦੇਹਰਾਦੂਨ ਲਈ ਉਡਾਣ ਭਰੇਗੀ ਅਤੇ ਸ਼ਾਮ 7.30 ਵਜੇ ਦੇਹਰਾਦੂਨ 'ਚ ਲੈਂਡ ਕਰੇਗੀ, ਜਦੋਂ ਕਿ ਦੇਹਰਾਦੂਨ ਤੋਂ ਇਹ ਫਲਾਈਟ ਰਾਤ 8 ਵਜੇ ਉਡਾਣ ਭਰੇਗੀ ਅਤੇ ਰਾਤ 9 ਵਜੇ ਚੰਡੀਗੜ੍ਹ ਲੈਂਡ ਕਰੇਗੀ। ਇਸ ਦੀ ਬੁਕਿੰਗ ਦੀ ਸ਼ੁਰੂਆਤ 2952 ਰੁਪਏ ਤੋਂ ਹੋ ਰਹੀ ਹੈ।

ਇੰਡੀਗੋ ਏਅਰਲਾਈਨਜ਼ ਵੱਲੋਂ ਹੀ ਹੈਦਰਾਬਾਦ ਲਈ 28 ਮਾਰਚ ਤੋਂ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਸਵੇਰੇ 10.55 ਵਜੇ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਹੈਦਰਾਬਾਦ ਦੁਪਹਿਰ 1.30 ਵਜੇ ਪਹੁੰਚ ਜਾਵੇਗੀ, ਜਦੋਂ ਕਿ ਹੈਦਰਾਬਾਦ ਤੋਂ ਇਹ ਫਲਾਈਟ ਸਵੇਰੇ 7.50 ਵਜੇ ਉਡਾਣ ਭਰੇਗੀ ਅਤੇ ਸਵੇਰੇ 10.25 ਵਜੇ ਚੰਡੀਗੜ੍ਹ ਲੈਂਡ ਕਰੇਗੀ। ਚੰਡੀਗੜ੍ਹ- ਹੈਦਰਾਬਾਦ ਦੀ ਦੂਰੀ 2 ਘੰਟੇ 35 ਮਿੰਟ ਵਿਚ ਤੈਅ ਹੋਵੇਗੀ। ਇਸ ਦੀ ਟਿਕਟ 4392 ਰੁਪਏ ਤੋਂ ਸ਼ੁਰੂ ਹੋ ਰਹੀ ਹੈ।

ਚੰਡੀਗੜ੍ਹ-ਕੋਲਕਾਤਾ ਦੇ ਵਿਚਕਾਰ ਵੀ ਦੂਜੀ ਫਲਾਈਟ 28 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਚੰਡੀਗੜ੍ਹ ਤੋਂ ਸ਼ਾਮ 4 ਵਜੇ ਉਡਾਣ ਭਰੇਗੀ ਅਤੇ ਕੋਲਕੱਤਾ ਸ਼ਾਮ 6.25 ਵਜੇ ਪਹੁੰਚ ਜਾਵੇਗੀ, ਜਦੋਂ ਕਿ ਕੋਲਕਾਤਾ ਤੋਂ ਇਹ ਫਲਾਈਟ ਰਾਤ 9.30 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ ਰਾਤ 11.55 ਵਜੇ ਲੈਂਡ ਕਰੇਗੀ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਰਾਤ ਦੇ ਸਮੇਂ ਲੈਂਡ ਕਰਨ ਵਾਲੀ ਪਹਿਲੀ ਫਲਾਈਟ ਹੋਵੇਗੀ। ਇਸ ਲਈ 5707 ਰੁਪਏ ਤੋਂ ਬੁਕਿੰਗ ਸ਼ੁਰੂ ਹੋਵੇਗੀ।
 


Babita

Content Editor

Related News