''ਚੰਡੀਗੜ੍ਹ ਪ੍ਰਸਾਸ਼ਨ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਦੋਸ਼ੀਆਂ ਖਿਲਾਫ ਕਰਨ ਕਾਰਵਾਈ''
Monday, Apr 20, 2020 - 02:21 AM (IST)
ਚੰਡੀਗੜ੍ਹ,()- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਪੁਲਿਸ ਦੁਆਰਾ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਕੀਤੇ ਦੁਰਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਇੱਕ ਹੋਰ ਸੀਨੀਅਰ ਪੱਤਰਕਾਰ ਗੁਰਉਪਦੇਸ਼ ਸਿੰਘ ਭੁੱਲਰ ਦੀ ਕੁੱਝ ਬਦਮਾਸ਼ਾਂ ਵੱਲੋਂ ਕੀਤੀ ਲੁੱਟ ਖੋਹ ਦੀ ਘਟਨਾ ਮਗਰੋਂ ਚੰਡੀਗੜ੍ਹ ਪ੍ਰਸਾਸ਼ਨ ਨੂੰ ਸਹਿਰ ਅੰਦਰ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਕਰਨ ਲਈ ਆਖਿਆ ਹੈ।
ਅਕਾਲੀ ਦਲ ਪ੍ਰਧਾਨ ਨੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਸ਼ਹਿਰ ਅੰਦਰ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਹ ਮਹਾਂਮਾਰੀ ਖ਼ਿਲਾਫ ਲੜਾਈ ਲੜ ਰਹੇ ਪਹਿਲੇ ਕਤਾਰ ਦੇ ਯੋਧਿਆਂ ਨੂੰ ਪੁਲਿਸ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੀਡੀਆ ਕਰਮੀ ਕੋਵਿਡ-19 ਖ਼ਿਲਾਫ ਚੁਣੌਤੀਪੂਰਨ ਲੜਾਈ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਕਿਉਂਕਿ ਉਹ ਇਸ ਬੀਮਾਰੀ ਬਾਰੇ ਤਾਜ਼ਾ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਲਈ ਆਪਣੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ। ਉਹਨਾਂ ਕਿਹਾ ਕਿ ਇੱਕ ਡਿਊਟੀ ਕਰ ਰਹੇ ਪੱਤਰਕਾਰ ਨੂੰ ਕਰਫਿਊ ਤੋੜਣ ਦਾ ਦੋਸ਼ ਲਾ ਕੇ ਬੰਦੀ ਬਣਾਉਣਾ ਇੱਕ ਗੈਰਕਾਨੂੰਨੀ ਕਾਰਵਾਈ ਹੈ ਅਤੇ ਜਿਸ ਵਾਸਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਹੋਰ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਦਵਿੰਦਰਪਾਲ ਨੂੰ ਕੱਲ੍ਹ ਉਸ ਸਮੇਂ ਚੰਡੀਗੜ ਪੁਲਿਸ ਨੇ ਫੜ ਲਿਆ ਜਦੋਂ ਉਹ ਪੈਦਲ ਆਪਣੇ ਦਫਤਰ ਜਾ ਰਹੇ ਸਨ। ਉਹਨਾਂ ਕਿਹਾ ਕਿ ਐਸਐਚਓ ਨੇ ਪੱਤਰਕਾਰ ਨਾਲ ਅਪਰਾਧੀਆਂ ਵਰਗਾ ਸਲੂਕ ਕਰਦੇ ਹੋਏ ਉਸ ਉੱਤੇ ਗਾਲ੍ਹਾਂ ਦੀ ਬੁਛਾੜ ਕਰ ਦਿੱਤੀ ਅਤੇ ਉਸ ਨੂੰ ਜਬਰਦਸਤੀ ਥਾਣੇ ਲੈ ਗਿਆ। ਉਹਨਾਂ ਦੱਸਿਆ ਕਿ ਪੱਤਰਕਾਰ ਵੱਲੋਂ ਆਪਣਾ ਪਹਿਚਾਣ ਪੱਤਰ ਦਿਖਾਉਣ ਦੇ ਬਾਵਜੂਦ ਪੁਲਿਸ ਅਧਿਕਾਰੀ ਨੇ ਉਸ ਨਾਲ ਬਦਤਮੀਜ਼ੀ ਕਰਨਾ ਅਤੇ ਧਮਕਾਉਣਾ ਜਾਰੀ ਰੱਖਿਆ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਦਖ਼ਲ ਦੇਣ ਮਗਰੋਂ ਹੀ ਪੱਤਰਕਾਰ ਨੂੰ ਛੱਡਿਆ ਗਿਆ।
ਸ਼ਹਿਰ ਅੰਦਰ ਕੁੱਝ ਲੁਟੇਰਿਆਂ ਵੱਲੋਂ ਇੱਕ ਪੱਤਰਕਾਰ ਨੂੰ ਲੁੱਟੇ ਜਾਣ ਦੀ ਇੱਕ ਹੋਰ ਘਟਨਾ ਬਾਰੇ ਦੱਸਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਪੱਤਰਕਾਰ ਗੁਰਉਪਦੇਸ਼ ਸਿੰਘ ਭੁੱਲਰ ਜਦੋਂ ਡਿਊਟੀ ਉੱਤੇ ਜਾ ਰਹੇ ਸਨ ਤਾਂ ਕੁੱਝ ਲੁਟੇਰਿਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਕੋਲੋਂ ਪੈਸੇ ਅਤੇ ਸੋਨੇ ਦੀ ਛਾਪ ਆਦਿ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਤਾਲਾਬੰਦੀ ਮਗਰੋਂ ਜਦੋਂ ਸ਼ਹਿਰ ਅੰਂਦਰ ਬਹੁਤ ਜ਼ਿਆਦਾ ਚੌਕਸੀ ਦਾ ਮਾਹੌਲ ਹੈ ਤਾਂ ਅਜਿਹੇ ਹਾਲਾਤਾਂ ਵਿਚ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸਾਸ਼ਨ ਨੂੰ ਇਹਨਾਂ ਦੋਵੇਂ ਘਟਨਾਵਾਂ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।