ਮਨੀਮਾਜਰਾ ''ਚ 26 ਨਾਜਾਇਜ਼ ਬੇਕਰੀਆਂ ਨੂੰ ਸ਼ੋਕਾਜ ਨੋਟਿਸ ਜਾਰੀ

03/07/2020 1:39:46 PM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸਾਸ਼ਨ ਨੇ ਮਨੀਮਾਜਰਾ ਦੇ ਸ਼ਾਸਤਰੀ ਨਗਰ 'ਚ ਘਰਾਂ ਅੰਦਰ ਨਜਾਇਜ਼ ਤੌਰ 'ਤੇ ਚੱਲ ਰਹੀਆਂ ਬੇਕਰੀਆਂ ਦੇ 26 ਮਾਲਕਾਂ ਨੂੰ ਸ਼ੋਕਾਜ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਨੋਟਿਸ 'ਚ ਪੁੱਛਿਆ ਗਿਆ ਹੈ ਕਿ ਬੇਕਰੀਆਂ 'ਚ ਗੰਦੇ ਖਾਦੀ ਪਦਾਰਥ ਬਣਾਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਨਾ ਹੀ ਨਹੀਂ ਕਈ ਵਿਭਾਗਾਂ ਵੱਲੋਂ ਐੱਨ.ਓ.ਸੀ. ਨਾ ਹੋਣ ਨੂੰ ਲੈਕੇ ਵੀ ਸਵਾਲ ਚੁੱਕੇ ਗਏ ਹਨ। ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਸੈਕਸ਼ਨ 56 ਅਤੇ 63  ਤਹਿਤ ਇਨ੍ਹਾਂ ਨੂੰ ਚਲਾਨ ਵੀ ਜਾਰੀ ਕੀਤੇ ਗਏ ਹਨ।
ਦੱਸ ਦਈਏ ਕਿ ਬੁੱਧਵਾਰ ਨੂੰ ਸ਼ਾਸਤਰੀ ਨਗਰ ਏਰੀਏ  ਦੇ ਸਿਹਤ ਇੰਸਪੈਕਟਰ ਦੀ ਅਗਵਾਈ 'ਚ ਟੀਮ ਨੇ ਬੇਕਰੀਆਂ 'ਤੇ ਛਾਪੇ ਮਾਰੇ ਸਨ। ਇਸ ਦੌਰਾਨ ਦੋ ਟਰੱਕ ਪੈਟੀਜ਼ ਦੇ ਜ਼ਬਤ ਕਰਕੇ ਨਸ਼ਟ ਕੀਤੇ ਗਏ ਸਨ। ਟੀਮ ਨੇ ਪਾਇਆ ਸੀ ਕਿ ਇਹ ਖਾਦੀ ਪਦਾਰਥ ਅਨਹਾਈਜਨਿਕ ਕੰਡੀਸ਼ਨਜ਼ 'ਚ ਇੱਥੇ ਬਣ ਰਹੇ ਸਨ। ਇਨ੍ਹਾਂ ਬੇਕਰੀਆਂ ਕੋਲ ਸੰਬੰਧਿਤ ਅਥਾਰਟੀ ਵੱਲੋਂ ਫੂਡ ਲਾਈਸੰਸ ਵੀ ਨਹੀਂ ਹੈ। ਨੋਟਿਸ 'ਚ ਡਾਇਰੈਕਟਰ ਹੈਲਥ ਅਤੇ ਫੂਡ ਸੇਫਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਦੇ ਉਸ ਪੱਤਰ ਦਾ ਵੀ ਹਵਾਲਾ ਦਿੱਤਾ ਗਿਆ ਜਿਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਬੇਕਰੀਆਂ  ਦੇ ਯੂਨਿਟਾਂ ਕੋਲ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਪ੍ਰਦੂਸ਼ਣ ਸਰਟੀਫਿਕੇਟ ਵੀ ਨਹੀਂ ਹੈ।

ਉਧਰ ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਦੇਸ਼ ਦੁਨੀਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਲਿਹਾਜਾ ਫੈਕਟਰੀਆਂ 'ਚ ਅਨਹਾਈਜਨਿਕ ਕੰਡੀਸ਼ਨਜ਼ ਦੇ ਚਲਦੇ ਕੋਰੋਨਾ ਵਾਇਰਸ ਫੈਲ ਸਕਦਾ ਹੈ। ਐੱਸ.ਡੀ.ਐੱਮ. ਈਸਟ ਸੁਧਾਂਸ਼ੂ ਗੌਤਮ ਦੇ ਦਫਤਰ ਵੱਲੋਂ ਨੋਟਿਸ 'ਚ ਤੁਰੰਤ ਪ੍ਰਭਾਵ ਨਾਲ ਨਜਾਇਜ਼ ਬੇਕਰੀਆਂ ਨੂੰ ਬੰਦ ਕਰਨ ਨੂੰ ਕਿਹਾ ਗਿਆ ਹੈ। ਬੇਕਰੀ ਮਾਲਕਾਂ ਨੂੰ 25 ਮਾਰਚ ਨੂੰ ਦੁਪਹਿਰ 1 ਵਜੇ ਐੱਸ.ਡੀ.ਐੱਮ. ਕੋਰਟ 'ਚ ਪੇਸ਼ ਹੋਣ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਸ਼ਾਸਤਰੀ  ਨਗਰ 'ਚ ਚੱਲ ਰਹੀਆਂ ਇਨ੍ਹਾਂ ਨਜਾਇਜ਼ ਬੇਕਰੀਆਂ 'ਚ ਨਾ ਤਾਂ ਫਾਇਰ ਐਗਜ਼ਿਟ ਹੈ ਅਤੇ ਨਾ ਹੀ ਸੇਫਟੀ ਦਾ ਕੋਈ ਹੋਰ ਵਿਵਸਥਾ। ਹੇਠਾਂ ਬੇਕਰੀਆਂ ਚੱਲ ਰਹੀਆਂ ਹਨ ਜਦੋਂ ਕਿ ਉਪਰ ਤਿੰਨ ਤਿੰਨ ਮੰਜ਼ਿਲਾ ਮਕਾਨ ਵੀ ਬਣੇ ਹਨ। ਮੁੱਖ ਗੱਲ ਇਹ ਹੈ ਕਿ ਇਸ ਏਰੀਏ 'ਚ ਬਣੇ ਮਕਾਨ ਵੀ ਲਾਲ ਡੋਰੇ ਦੀ ਸੀਮਾ ਤੋਂਂ ਬਾਹਰ ਬਣੇ ਦੱਸੇ ਜਾ ਰਹੇ ਹਨ। ਸਾਰਾ ਨਿਰਮਾਣ ਐਗਰੀਕਲਚਰ ਲੈਂਡ 'ਤੇ ਹੋਇਆ ਹੈ, ਜਿਸ ਦਾ ਹਾਲੇ ਤੱਕ ਪ੍ਰਸਾਸ਼ਨ ਨੇ ਨੋਟਿਸ ਨਹੀਂ ਲਿਆ ਹੈ।  


Babita

Content Editor

Related News