ਅਮਰੀਕਾ ਅੰਬੈਸੀ 'ਚ ਅੰਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੈਂਸ

Wednesday, Oct 31, 2018 - 02:59 PM (IST)

ਅਮਰੀਕਾ ਅੰਬੈਸੀ 'ਚ ਅੰਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੈਂਸ

ਚੰਡੀਗੜ੍ਹ (ਪਾਲੀ, ਰਮਨਜੀਤ)-ਦਿੱਲੀ ਸਥਿਤ ਅਮਰੀਕਾ ਅੰਬੈਸੀ 'ਚ ਅੰਮ੍ਰਿਤਧਾਰੀ ਸਿੱਖਾਂ ਦਾ ਅਪਮਾਨ ਹੋ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉਹ ਮੰਗਲਵਾਰ ਨੂੰ ਦਿੱਲੀ ਵਿਖੇ ਆਪਣੇ ਸਾਥੀ ਜਸਵਿੰਦਰ ਸਿੰਘ ਖਾਲਸਾ ਨਾਲ ਅਮਰੀਕਾ ਅੰਬੈਸੀ 'ਚ ਵੀਜ਼ਾ ਲੈਣ ਲਈ ਆਏ ਸਨ। ਇੰਟਰਵਿਉੂ ਜਾਣ ਤੋਂ ਪਹਿਲਾਂ ਬਾਹਰ ਸਕਿਓਰਿਟੀ ਗਾਰਡ ਵਲੋਂ ਉਨ੍ਹਾਂ ਦੇ ਸਾਥੀ ਜਸਵਿੰਦਰ ਸਿੰਘ ਖਾਲਸਾ ਨੂੰ ਸਿਰੀ ਸਾਹਿਬ ਬਾਹਰ ਉਤਾਰ ਕੇ ਜਾਣ ਬਾਰੇ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਹ ਦੇਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਖਾਲਸੇ ਨੂੰ ਦਿੱਤੀ ਗਈ ਹੈ, ਕੋਈ ਵੀ ਅੰਮ੍ਰਿਤਧਾਰੀ ਸਿੱਖ ਸਿਰੀ ਸਾਹਿਬ ਨੂੰ ਆਪਣੇ ਸਰੀਰ ਤੋਂ ਅਲੱਗ ਨਹੀਂ ਕਰ ਸਕਦਾ। ਸਾਨੂੰ ਇਹੋ ਜਿਹੇ ਅਮਰੀਕਾ ਵੀਜ਼ੇ ਦੀ ਲੋਡ਼ ਨਹੀਂ, ਜਿੱਥੇ ਸਿੱਖ ਪੰਥ ਦਾ ਅਪਮਾਨ ਹੁੰਦਾ ਹੋਵੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪ ਅੰਦਰ ਜਾ ਕੇ 15 ਮਿੰਟ ਵੀਜ਼ਾ ਅਫਸਰ ਨਾਲ ਗੱਲਬਾਤ ਕੀਤੀ ਕਿ ਸਿੱਖ ਧਰਮ 'ਚ ਅੰਮ੍ਰਿਤਧਾਰੀ ਨੂੰ ਆਪਣੇ ਸਰੀਰ ਤੋਂ ਸਿਰੀ ਸਾਹਿਬ ਅਲੱਗ ਕਰਨ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੰਬੈਸੀ ਵਿਚ ਬੈਠੇ ਵੀਜ਼ਾ ਅਫਸਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਰੂਲ ਹਨ। ਇਸ ਲਈ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਇਆ ਜਾਵੇਗਾ। ਆਪਣੇ ਗੁਰੂ ਸਾਹਿਬ ਤੋਂ ਉੱਤੇ ਅਮਰੀਕਾ ਵੀਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇਸ਼ਾਂ ਦੀਅਾਂ ਅੰਬੈਸੀਅਾਂ 'ਚ ਅੰਮ੍ਰਿਤਧਾਰੀ ਸਿੱਖ ਸਿਰੀ ਸਾਹਿਬ ਪਾ ਕੇ ਹੀ ਜਾਂਦੇ ਹਨ। ਉਥੇ ਅੰਮ੍ਰਿਤਧਾਰੀ ਸਿੱਖ ਨੂੰ ਸਰੀਰ ਤੋਂ ਸਿਰੀ ਸਾਹਿਬ ਉਤਾਰਨ ਦੀ ਪਾਬੰਦੀ ਨਹੀਂ ਹੈ। ਇਹ ਧੱਕੇਸ਼ਾਹੀ ਸਿਰਫ ਅਮਰੀਕਾ ਅੰਬੈਸੀ ਵਿਚ ਹੀ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਮੁੱਚੇ ਪੰਜਾਬ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਇਸ ਦੇ ਲਈ ਕਾਨੂੰਨੀ ਲੜਾਈ ਲੜਨਗੇ।


author

Anuradha

Content Editor

Related News