ਟ੍ਰਾਈਸਿਟੀ ਚੰਡੀਗੜ੍ਹ ''ਚ ਕੋਰੋਨਾ ਕਾਰਨ 16 ਮੌਤਾਂ, 174 ਨਵੇਂ ਕੇਸਾਂ ਦੀ ਪੁਸ਼ਟੀ
Wednesday, Aug 26, 2020 - 12:28 AM (IST)
ਚੰਡੀਗੜ੍ਹ/ਮੋਹਾਲੀ, (ਪਾਲ/ਪਰਦੀਪ)- ਟ੍ਰਾਈਸਿਟੀ ਵਿਚ ਕੋਰੋਨਾ ਨਾਲ 16 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਮੋਹਾਲੀ ਦੇ 8, ਚੰਡੀਗੜ੍ਹ ਦੇ 3 ਅਤੇ ਪੰਚਕੂਲਾ ਦੇ 5 ਲੋਕ ਸ਼ਾਮਲ ਹਨ। ਇਨ੍ਹਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ-ਚੇਅਰਮੈਨ ਡਾ. ਸੁਰੇਸ਼ ਟੰਡਨ ਵੀ ਸ਼ਾਮਲ ਹਨ ਉੱਥੇ ਹੀ, ਚੰਡੀਗੜ੍ਹ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਰੋਨਾ ਦੇ 174 ਨਵੇਂ ਕੇਸ ਆਏ ਹਨ। ਇਨ੍ਹਾਂ ਵਿਚ ਚੰਡੀਗੜ੍ਹ ਦੇ ਡੀ. ਸੀ. ਮਨਦੀਪ ਸਿੰਘ ਬਰਾੜ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਜੀ. ਐੱਮ. ਐੱਸ. ਐੱਚ.-16 ਵਿਚ ਨੋਡਲ ਅਫ਼ਸਰ ਅਤੇ ਦੋ ਡਾਕਟਰ ਅਤੇ ਦੋ ਨਰਸਿੰਗ ਅਫ਼ਸਰ ਵੀ ਕੋਰੋਨਾ ਪਾਜ਼ੇਟਿਵ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ-ਚੇਅਰਮੈਨ ਡਾ. ਸੁਰੇਸ਼ ਟੰਡਨ (69) 15 ਅਗਸਤ ਤੋਂ ਕੋਰੋਨਾ ਨਾਲ ਪੀੜਤ ਸਨ। ਉਨ੍ਹਾਂ ਦੇ ਬੇਟੇ ਗੌਰਵ ਟੰਡਨ ਨੇ ਦੱਸਿਆ ਕਿ ਡਾ. ਟੰਡਨ ਸਦਗੁਰੂ ਪ੍ਰਤਾਪ ਹਸਪਤਾਲ ਲੁਧਿਆਣਾ ਵਿਚ ਇਲਾਜ ਅਧੀਨ ਸਨ। ਡਾ. ਸੁਰੇਸ਼ ਟੰਡਨ ਤਿੰਨ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ-ਚੇਅਰਮੈਨ ਰਹਿ ਚੁੱਕੇ ਹਨ।
ਚੰਡੀਗੜ੍ਹ ’ਚ ਹੁਣ ਤੱਕ 40 ਮੌਤਾਂ
ਮੰਗਲਵਾਰ ਨੂੰ ਚੰਡੀਗੜ੍ਹ ਵਿਚ ਤਿੰਨ ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 40 ਹੋ ਗਈ ਹੈ। ਸੈਕਟਰ-44 ਦੀ 51 ਸਾਲਾ ਔਰਤ ਨੂੰ ਦਿਲ ਵਿਚ ਮਸਲ ਦੀ ਸਮੱਸਿਆ ਸੀ। ਉਹ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਸੀ ਜਿਥੇ, ਉਸ ਦੀ ਮੌਤ ਹੋਈ। ਪੀ. ਜੀ. ਆਈ. ਵਿਚ ਪਲਸੌਰਾ ਦੀ ਬਜ਼ੁਰਗ ਔਰਤ ਦੀ ਮੌਤ ਹੋਈ ਹੈ। ਉਹ ਟਾਈਪ ਟੂ ਡਾਈਬਿਟੀਜ਼, ਦਿਲ ਵਿਚ ਆਰਟਰੀ ਦੀ ਪ੍ਰੇਸ਼ਾਨੀ ਨਾਲ ਵੀ ਜੂਝ ਰਹੀ ਸੀ ਉੱਥੇ ਹੀ, ਸੈਕਟਰ-33 ਦੇ ਰਹਿਣ ਵਾਲੇ 80 ਸਾਲਾ ਬਜ਼ੁਰਗ ਦੀ ਮੌਤ ਮੋਹਾਲੀ ਦੇ ਸੋਹਾਨਾ ਹਸਪਤਾਲ ਵਿਚ ਹੋਈ ਹੈ। ਮਰੀਜ਼ ਨੂੰ ਟਾਈਪ ਟੂ ਡਾਈਬਿਟੀਜ਼, ਹਾਈਪਰਟੈਂਸ਼ਨ, ਲਿੰਫੋਮਾ ਕੈਂਸਰ ਵੀ ਸੀ।
ਮੋਹਾਲੀ ਵਿਚ ਹੁਣ ਤੱਕ 64 ਦੀ ਮੌਤ
ਜ਼ਿਲਾ ਮੋਹਾਲੀ ਦੇ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਧੰਡਰਾਲਾ, ਡੇਰਾਬਸੀ ਤੋਂ 50 ਸਾਲਾ ਔਰਤ, ਮੋਹਾਲੀ ਪਿੰਡ ਤੋਂ 60 ਸਾਲਾ ਵਿਅਕਤੀ, ਬਲਟਾਨਾ ਤੋਂ 42 ਸਾਲਾ ਵਿਅਕਤੀ, ਜ਼ੀਰਕਪੁਰ ਤੋਂ 72 ਸਾਲਾ ਬਜ਼ੁਰਗ, ਬੈਰੋਂਪੁਰ, ਭਾਗੋਮਾਜਰਾ ਤੋਂ 58 ਸਾਲਾ ਵਿਅਕਤੀ, ਖਲੌਰ, ਮੋਹਾਲੀ ਤੋਂ 63 ਸਾਲਾ ਵਿਅਕਤੀ ਅਤੇ ਜ਼ੀਰਕਪੁਰ ਤੋਂ 55 ਸਾਲਾ ਔਰਤ ਸ਼ਾਮਲ ਹੈ। ਇਹ ਸਾਰੇ ਸ਼ੂਗਰ, ਕਿਡਨੀ, ਹਾਈਪਰਟੈਂਸ਼ਨ ਆਦਿ ਬੀਮਾਰੀਆਂ ਨਾਲ ਪੀੜਤ ਸਨ। ਜ਼ਿਲੇ ਵਿਚ ਹੁਣ ਤੱਕ 64 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।