ਨੈਸ਼ਨਲ ਕਾਲਜ ਦੀ ਮਨਜੀਤ ਕੌਰ ਯੂਨੀਵਰਸਿਟੀ ’ਚੋਂ ਅੱਵਲ
Saturday, Mar 16, 2019 - 04:47 AM (IST)
ਚੰਡੀਗੜ੍ਹ (ਟੱਕਰ, ਸਚਦੇਵਾ)-ਮਾਛੀਵਾਡ਼ਾ ਇਲਾਕੇ ਵਿਚ ਲਡ਼ਕੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰ ਰਹੀ ਸੰਸਥਾ ਨੈਸ਼ਨਲ ਕਾਲਜ ਫਾਰ ਵੂਮੈਨ ਨੇ ਲਗਾਤਾਰ ਇਤਿਹਾਸ ਦੁਹਰਾਉਂਦਿਆਂ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਲੋਂ ਐਲਾਨੇ ਨਤੀਜਿਆਂ ਵਿਚ ਪਹਿਲੀਆਂ 10 ਪੁਜ਼ੀਸ਼ਨਾਂ ਵਿਚ ਆਪਣੀ ਜਗ੍ਹਾ ਬਰਕਰਾਰ ਰੱਖੀ। ਕਾਲਜ ਵਿਚ ਬੀ. ਐੱਸਸੀ. ਫੈਸ਼ਨ ਡਿਜ਼ਾਈਨਿੰਗ ਵਿਭਾਗ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਮਨਜੀਤ ਕੌਰ ਨੇ 650 ’ਚੋਂ 615 ਅੰਕ ਹਾਸਲ ਕਰਕੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ, ਸਿਮਰਨਜੀਤ ਕੌਰ ਨੇ 608 ਅੰਕ ਨਾਲ ਦੂਜਾ ਅਤੇ ਮਨਦੀਪ ਕੌਰ ਨੇ 607 ਅੰਕ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਇਤਿਹਾਸਕ ਉਪਲਬਧੀ ’ਤੇ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਸਾਂਝੀ ਕੀਤੀ। ਇਨ੍ਹਾਂ ਵਿਦਿਆਰਥਣਾਂ ਨੇ ਇਸ ਤਰ੍ਹਾਂ ਕਾਲਜ ਵਿਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਮੈਨੇਜਿੰਗ ਕਮੇਟੀ ਮੈਂਬਰ ਅਤੇ ਪ੍ਰਿੰਸੀਪਲ ਡਾ. ਰਾਜਿੰਦਰਪਾਲ ਕੌਰ ਨੇ ਕਿਹਾ ਕਿ ਨੈਸ਼ਨਲ ਕਾਲਜ ਨੂੰ ਇਸ ਗੱਲ ਦਾ ਮਾਣ ਹਾਸਿਲ ਹੋਇਆ ਹੈ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ’ਚੋਂ ਟਾਪ ਕੀਤਾ। ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਮਿਹਨਤੀ ਸਟਾਫ਼, ਜਿਸ ’ਚ ਲੈਕਚਰਾਰ ਪ੍ਰਭਜੋਤ ਕੌਰ, ਕਮਲਜੀਤ ਕੌਰ, ਦੀਕਿਸ਼ਾ ਸਿੰਧਵਾਨੀ, ਅਮਨਦੀਪ ਕੌਰ ਆਦਿ ਨੂੰ ਦਿੰਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਕਾਲਜ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਾਲਜ ਦੀ ਬਿਹਤਰੀ ਅਤੇ ਲਡ਼ਕੀਆਂ ਨੂੰ ਉੱਚ ਪੱਧਰੀ ਵਿਦਿਅਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋਕ ਉਨ੍ਹਾਂ ਨੂੰ ਸਹਿਯੋਗ ਦੇਣ। ਫੋਟੋ