ਚੰਡੀਗੜ੍ਹ ਦਾ ਰੂਟ ਸ਼ੁਰੂ ਹੁੰਦਿਆਂ ਹੀ ਪਹਿਲੇ ਦਿਨ ਰਵਾਨਾ ਹੋਈਆਂ 2 ਬੱਸਾਂ

Monday, Jun 01, 2020 - 06:44 PM (IST)

ਜਲੰਧਰ (ਪੁਨੀਤ) : ਪਿਛਲੇ ਕੁਝ ਦਿਨਾਂ ਤੋਂ ਬੰਦ ਪਿਆ ਚੰਡੀਗੜ੍ਹ ਰੂਟ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਜਲੰਧਰ ਬੱਸ ਅੱਡੇ ਤੋਂ 2 ਬੱਸਾਂ ਰਵਾਨਾ ਹੋਈਆਂ, ਜਿਨ੍ਹਾਂ 'ਚ 29 ਯਾਤਰੀਆਂ ਨੇ ਸਫਰ ਕੀਤਾ ਅਤੇ ਵਿਭਾਗ ਨੂੰ ਇਸ ਰੂਟ ਤੋਂ 5310 ਰੁਪਏ ਦਾ ਮਾਲੀਆ ਮਿਲਿਆ, ਜੋ ਕਿ ਬੇਹੱਦ ਘੱਟ ਹੈ। ਯਾਤਰੀਆਂ ਦੀ ਸਹੂਲਤ ਲਈ ਉਕਤ ਰੂਟ ਸ਼ੂਰੂ ਕੀਤਾ ਗਿਆ ਹੈ ਜਦਿਕ ਇਸ ਤੋਂ ਪਹਿਲਾਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਬੇਹੱਦ ਘੱਟ ਹੋਣ ਕਾਰਨ ਬੱਸਾਂ ਚਲਾਉਣੀਆਂ ਰੋਕ ਦਿੱਤੀਆਂ ਗਈਆਂ ਸਨ ਕਿਉਂਕਿ ਪਹਿਲੇ ਦਿਨ ਚੱਲੀ ਬੱਸ ਸਿਰਫ 2 ਯਾਤਰੀਆਂ ਨੂੰ ਲੈ ਕੈ ਪਰਤੀ ਸੀ। ਇਸ ਨਾਲ ਵਿਭਾਗ ਨੂੰ ਆਰਥਿਕ ਨੁਕਸਾਨ ਉਠਾਉਣਾ ਪਿਆ ਅਤੇ ਬੱਸਾਂ ਦਾ ਰੂਟ ਰੱਦ ਕਰ ਦਿੱਤਾ ਗਿਆ ਸੀ।

ਜਲੰਧਰ ਬੱਸ ਅੱਡੇ ਤੋਂ ਕੁਲ 51 ਬੱਸਾਂ ਰਵਾਨਾ ਹੋਈਆਂ, ਜਿਨ੍ਹਾਂ 'ਚ ਕੁਲ 1042 ਯਾਤਰੀ ਮੌਜੂਦ ਰਹੇ। ਇਸ ਨਾਲ ਵਿਭਾਗ ਨੂੰ 1,11,154 ਰੁਪਏ ਪ੍ਰਾਪਤ ਹੋਏ। ਜਗਰਾਓਂ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਬੇਹੱਦ ਵਾਧਾ ਹੋਇਆ, ਜਿਸ ਕਾਰਨ 6 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ 'ਚ 148 ਯਾਤਰੀਆਂ ਨੇ ਸਫਰ ਕੀਤਾ। ਇਸੇ ਤਰ੍ਹਾਂ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਯਾਤਰੀਆਂ ਦੀ ਗਿਣਤੀ ਵੱਧ ਰਹੀ। ਬਟਾਲਾ ਲਈ 2 ਬੱਸਾਂ 'ਚ 52 ਯਾਤਰੀ ਭੇਜੇ ਗਏ। ਬੱਸ ਅੱਡੇ 'ਚ ਆਉਣ ਵਾਲੇ ਯਾਤਰੀਆਂ ਦੀ ਜਾਂਚ ਲਈ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਨੂੰ ਤਾਇਨਾਤ ਕੀਤਾ ਗਿਆ, ਜਿਸ ਨੇ ਯਾਤਰੀਆਂ ਦੀ ਸਕੈਨਿੰਗ ਅਤੇ ਕਰ ਕੇ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਬੱਸਾਂ 'ਚ ਚੜ੍ਹਾਇਆ। ਉਥੇ ਹੀ ਬੱਸ ਅੱਡੇ 'ਚ ਖੁੱਲ੍ਹਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਸੁਰੱਖਿਆ ਦੇ ਪੈਮਾਨਿਆਂ ਦਾ ਪਾਲਣ ਕਰਨ, ਨਹੀਂ ਤਾਂ ਦੁਕਾਨ ਖੋਲ੍ਹਣ 'ਤੇ ਰੋਕ ਲਾ ਦਿੱਤੀ ਜਾਵੇਗੀ। ਅਧਿਕਾਰੀਆਂ ਵਲੋਂ ਜੋ ਕਦਮ ਚੁੱਕੇ ਜਾ ਰਹੇ ਹਨ ਉਸ ਕਾਰਣ ਬੱਸ ਅੱਡੇ 'ਚ ਦੁਕਾਨਦਾਰਾਂ ਵਲੋਂ ਅਹਿਤਿਆਤ ਵਰਤੀ ਜਾ ਰਹੀ ਹੈ।

ਦੋਹਾ ਤੋਂ ਆਉਣ ਵਾਲੀ ਫਲਾਈਟ ਦੇ ਯਾਤਰੀਆਂ ਨੂੰ ਲੈਣ ਲਈ ਬੱਸਾਂ ਰਵਾਨਾ
ਦੋਹਾ ਤੋਂ ਦੇਰ ਰਾਤ ਆਉਣ ਵਾਲੀਆਂ ਇੰਟਰਨੈਸ਼ਨਲ ਫਲਾਈਟਾਂ ਦੇ ਯਾਤਰੀਆਂ ਨੂੰ ਲੈਣ ਲਈ ਵਿਭਾਗ ਵਲੋਂ ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਨ੍ਹਾਂ ਬੱਸਾਂ ਨੂੰ ਅੰਦਰੋਂ ਸਾਫ ਕਰਵਾ ਕੇ ਇਨ੍ਹਾਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਇਸ ਦੇ ਨਾਲ-ਨਾਲ ਡਰਾਈਵਰ/ਕੰਡਕਟਰ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਇਸ ਦੇ ਲਈ ਇਨ੍ਹਾਂ ਨੂੰ ਗਲੱਬਜ਼, ਮਾਸਕ, ਸੈਨੀਟਾਈਜ਼ਰ ਦਿੱਤੇ ਗਏ ਹਨ। ਫਲਾਈਟ 'ਚ ਕਿੰਨੇ ਯਾਤਰੀ ਆਉਣਗੇ, ਇਸ ਦੇ ਬਾਰੇ 'ਚ ਅਜੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਬੈਕਅਪ 'ਚ ਬੱਸਾਂ ਰੱਖੀਆਂ ਗਈਆਂ ਹਨ। ਜੋ ਯਾਤਰੀ ਬੱਸਾਂ ਦੇ ਜ਼ਰੀਏ ਜਲੰਧਰ ਪਹੁੰਚਣਗੇ, ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਕੁਆਰੰਟਾਈਨ ਕਰਕੇ ਉਨ੍ਹਾਂ ਦੇ ਕੋਰੋਨਾ ਟੈਸਟ ਦੀ ਜਾਂਚ ਕੀਤੀ ਜਾਵੇਗੀ। ਰਿਪੋਰਟ ਆਉਣ ਦੇ ਬਾਅਦ ਹੀ ਯਾਤਰੀਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਹੋਵੇਗੀ।


Anuradha

Content Editor

Related News