ਸਰਕਾਰ ਵਲੋਂ PCMS ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ ''ਚ ਦਾਖਲੇ ਲਈ ਯੋਗਤਾ ਮਾਪਦੰਡਾਂ ''ਚ ਰਾਹਤ

6/28/2019 9:33:30 AM

ਚੰਡੀਗੜ੍ਹ (ਰਮਨਜੀਤ) : ਪੀ. ਸੀ. ਐੱਮ. ਐੱਸ. ਡਾਕਟਰਾਂ ਦੀ ਲੰਬੇ ਸਮੇਂ ਤੋਂ ਲੰਬਿਤ ਪਈ ਮੰਗ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵਲੋਂ ਪੀ. ਸੀ. ਐੱਮ. ਐੱਸ. ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ 'ਚ ਦਾਖਲੇ ਲਈ ਯੋਗਤਾ ਮਾਪਦੰਡਾਂ 'ਚ ਰਾਹਤ ਦਿੱਤੀ ਗਈ ਹੈ। ਇਸ ਦਾ ਖੁਲਾਸਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਕੀਤਾ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੋਸਟ ਗ੍ਰੈਜੂਏਟ ਕੋਰਸ 'ਚ ਦਾਖਲਾ ਲੈਣ ਵਾਲੇ ਡਾਕਟਰਾਂ ਨੂੰ ਯੋਗਤਾ ਮਾਪਦੰਡਾਂ 'ਚ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੀ. ਸੀ. ਐੱਮ. ਐੱਸ. ਡਾਕਟਰਾਂ ਨੂੰ ਦਿਹਾਤੀ ਖੇਤਰਾਂ 'ਚ 4 ਸਾਲ ਦਾ ਔਖਾ ਸੇਵਾ ਕਾਲ ਪੂਰਾ ਕਰਨਾ ਪੈਂਦਾ ਸੀ ਅਤੇ ਹੋਰ ਦਿਹਾਤੀ ਖੇਤਰਾਂ 'ਚ 6 ਸਾਲ ਸੇਵਾਕਾਲ ਪੂਰਾ ਕਰਨ ਵਾਲਿਆਂ ਨੂੰ 30 ਫੀਸਦੀ ਇਨਸੈਂਟਿਵ ਮਾਰਕ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਪੋਸਟ ਗ੍ਰੈਜੂਏਟ ਕੋਰਸ ਕਰਨ ਲਈ ਆਗਿਆ ਦਿੱਤੀ ਜਾਂਦੀ ਸੀ ਪਰ ਹੁਣ ਦਿਹਾਤੀ ਸੇਵਾਕਾਲ ਦੀ ਸਮਾਂ ਹੱਦ ਨੂੰ 4 ਸਾਲ ਤੋਂ ਘਟਾ ਕੇ 2 ਸਾਲ ਅਤੇ 6 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤਾ ਗਿਆ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਦਿਹਾਤੀ ਖੇਤਰ 'ਚ 2/3 ਸਾਲ ਅਤੇ 4.5 ਸਾਲ ਦੇ ਸੇਵਾਕਾਲ ਵਾਲੇ ਡਾਕਟਰਾਂ ਨੂੰ ਕ੍ਰਮਵਾਰ 20 ਫੀਸਦੀ ਅਤੇ 30 ਫੀਸਦੀ ਇਨਸੈਂਟਿਵ ਅੰਕ ਦਿੱਤੇ ਜਾਣਗੇ। ਇਨਸੈਂਟਿਵ ਸ਼੍ਰੇਣੀ ਤਹਿਤ ਦਾਖਲਾ ਲੈਣ ਵਾਲੇ ਡਾਕਟਰਾਂ ਨੂੰ ਪੀ. ਜੀ. ਕੋਰਸ ਦੌਰਾਨ ਪੂਰੀ ਤਨਖ਼ਾਹ ਦਿੱਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਪੀ. ਜੀ. ਕੋਰਸ 'ਚ ਨਿਰੋਲ ਆਪਣੀ ਮੈਰਿਟ ਦੇ ਆਧਾਰ 'ਤੇ ਦਾਖਲਾ ਲੈਣ ਵਾਲੇ ਉਮੀਦਵਾਰਾਂ ਨੂੰ ਪੇਂਡੂ ਖੇਤਰਾਂ 'ਚ 3 ਸਾਲ ਦੇ ਸੇਵਾਕਾਲ ਮਗਰੋਂ ਪੀ. ਜੀ. ਕੋਰਸ ਕਰਨ ਦੀ ਆਗਿਆ ਦਿੱਤੀ ਜਾਂਦੀ ਸੀ। ਹੁਣ ਇਸ ਸਮੇਂ ਨੂੰ 3 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤਾ ਗਿਆ ਹੈ ਅਤੇ ਡਾਕਟਰਾਂ ਨੂੰ ਆਪਣੇ ਪੀ. ਜੀ. ਕੋਰਸ ਦੇ ਸਮੇਂ ਦੌਰਾਨ ਬਣਦੀ ਛੁੱਟੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਜਿਹੜੇ ਪੀ. ਸੀ. ਐੱਮ. ਐੱਸ. ਡਾਕਟਰ ਆਪਣਾ ਪਰਖਕਾਲ ਦਾ ਸਮਾਂ ਪੂਰਾ ਕਰਨ 'ਚ ਨਾਕਾਮ ਰਹਿੰਦੇ ਸਨ, ਉਨ੍ਹਾਂ ਨੂੰ ਬਣਦੀ ਛੁੱਟੀ ਨਹੀਂ ਦਿੱਤੀ ਜਾਂਦੀ ਸੀ ਅਤੇ ਪੀ. ਜੀ. ਕੋਰਸ ਸਮੇਂ ਦੌਰਾਨ ਉਨ੍ਹਾਂ ਦੇ ਸੇਵਾਕਾਲ ਨੂੰ 'ਡਾਇਸ-ਨਾਨ' (ਸਮਾਂ ਨਹੀਂ ਗਿਣਿਆ ਜਾਵੇਗਾ) ਸਮਝਿਆ ਜਾਂਦਾ ਸੀ। ਇਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਸੀਨੀਆਰਤਾ ਦਾ ਨੁਕਸਾਨ ਹੁੰਦਾ ਸੀ, ਜਿਸ ਕਾਰਨ ਕਈ ਡਾਕਟਰਾਂ ਦਾ ਮਨੋਬਲ ਡਿੱਗਦਾ ਸੀ। ਹੁਣ ਉਨ੍ਹਾਂ ਨੂੰ ਬਣਦੀ ਛੁੱਟੀ ਮਿਲੇਗੀ ਅਤੇ ਉਨ੍ਹਾਂ ਦੀ ਅਸਲ ਸੀਨੀਆਰਤਾ ਬਰਕਰਾਰ ਰਹੇਗੀ। ਪੀ. ਜੀ. ਆਈ. ਵਲੋਂ ਸਪਾਂਸਰ ਕੀਤੇ ਜਾਣ ਵਾਲੇ ਉਮੀਦਵਾਰਾਂ ਲਈ ਬਾਂਡ 15 ਸਾਲ ਜਾਂ 75 ਲੱਖ ਤੋਂ ਘਟਾ ਕੇ 10 ਸਾਲ ਜਾਂ 50 ਲੱਖ ਰੁਪਏ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਪੀ. ਸੀ. ਐੱਮ. ਐੱਸ. ਡਾਕਟਰ ਜਿੰਨੀ ਜਲਦੀ ਹੋ ਸਕੇ, ਆਪਣੀ ਡਿਗਰੀ ਖ਼ਤਮ ਕਰਨ ਤਾਂ ਜੋ ਆਪਣਾ ਪੀ. ਜੀ. ਕੋਰਸ ਖ਼ਤਮ ਕਰਨ ਬਾਅਦ ਉਹ ਲੰਬੇ ਸਮੇਂ ਤੱਕ ਵਿਭਾਗ ਵਿਚ ਆਪਣੀ ਸੇਵਾ ਨਿਭਾ ਸਕਣ।


cherry

Edited By cherry