ਪੰਜਾਬ ’ਚ ਵੇਚੀ ਜਾ ਰਹੀ ਘਟੀਆ ਦਰਜੇ ਦੀ ਸ਼ਰਾਬ : ਪੰਨੂ

Wednesday, Feb 20, 2019 - 10:08 AM (IST)

ਪੰਜਾਬ ’ਚ ਵੇਚੀ ਜਾ ਰਹੀ ਘਟੀਆ ਦਰਜੇ ਦੀ ਸ਼ਰਾਬ : ਪੰਨੂ

ਚੰਡੀਗੜ੍ਹ (ਸ਼ਰਮਾ) - ਸ਼ਰਾਬ ਦੇ ਕਈ ਬ੍ਰਾਂਡਾਂ ਵਲੋਂ ਸੂਬੇ 'ਚ ਘਟੀਆ ਦਰਜੇ ਦੀ ਸ਼ਰਾਬ ਵੇਚੀ ਜਾ ਰਹੀ ਹੈ, ਕਿਉਂਕਿ ਸ਼ਰਾਬ 'ਚ ਮੌਜੂਦ ਅਲਕੋਹਲ ਦੀ ਮਾਤਰਾ 2 ਤੋਂ 12 ਫੀਸਦੀ ਘੱਟ ਪਾਈ ਗਈ ਹੈ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਕੇ.ਐੱਸ. ਪੰਨੂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ, ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਨੇ ਸੂਬੇ 'ਚ ਵੇਚੀ ਜਾ ਰਹੀ ਦੇਸੀ ਸ਼ਰਾਬ ਅਤੇ ਭਾਰਤ ਦੀ ਬਣੀ ਵਿਦੇਸ਼ੀ ਸ਼ਰਾਬ (ਆਈ.ਐੱਮ.ਐੱਫ.ਐੱਲ.) ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਬ੍ਰਾਂਡਾਂ ਵਲੋਂ ਲੇਬਲ 'ਤੇ ਦਰਸਾਈ ਜਾਣਕਾਰੀ ਮੁਤਾਬਕ ਅਲਕੋਹਲ ਦੀ ਮਾਤਰਾ ਵਾਲੀ ਸ਼ਰਾਬ ਨਹੀਂ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਬ੍ਰਾਂਡ ਸਸਪੈਂਡਡ ਮੈਟਰ ਦੇ ਕਣਾਂ ਵਾਲੀ ਸ਼ਰਾਬ ਵੇਚ ਰਹੇ ਹਨ।

ਦੇਸੀ ਤੇ ਵਿਦੇਸ਼ੀ ਸ਼ਰਾਬ ਦੇ ਠੇਕੇਦਾਰਾਂ ਅਤੇ ਸ਼ਰਾਬ ਉਤਪਾਦਕਾਂ ਨੂੰ ਤਾੜਨਾ ਕਰਦਿਆਂ ਪੰਨੂ ਨੇ ਕਿਹਾ ਕਿ ਬੋਤਲ 'ਤੇ ਲੱਗੇ ਲੇਬਲ ਅਨੁਸਾਰ ਸ਼ਰਾਬ ਦੀ ਗੁਣਵੱਤਾ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਬੋਤਲ ਦੇ ਲੇਬਲ 'ਤੇ ਦਰਸਾਏ ਵੇਰਵਿਆਂ 'ਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ, 2006 ਤਹਿਤ ਨਿਸ਼ਚਤ ਮਾਪਦੰਡਾਂ ਮੁਤਾਬਕ ਸ਼ਰਾਬ ਦੀ ਵਿਕਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਰੜ ਵਿਚ ਸਟੇਟ ਫੂਡ ਲੈਬ ਹਰ ਕਿਸਮ ਦੀ ਸ਼ਰਾਬ ਦੀ ਕੁਆਲਿਟੀ ਦੀ ਜਾਂਚ ਕਰਨ ਲਈ ਸਮਰੱਥ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਸਮਾਗਮਾਂ ਦੌਰਾਨ ਸ਼ਰਾਬ ਦੀ ਵਧ ਵਰਤੋਂ ਕਰਨ ਵਾਲੇ ਲੋਕਾਂ ਨੂੰ, ਸਟੇਟ ਫੂਡ ਲੈਬ ਖਰੜ ਜਾਂ ਬਾਇਓਤਕਨਾਲੋਜੀ ਇਨਕਿਉਬੇਟਰ ਲੈਬ, ਫੇਜ਼-5, ਮੋਹਾਲੀ ਤੋਂ ਜਾਂਚ ਕਰਵਾ ਕੇ ਹੀ ਸ਼ਰਾਬ ਵਰਤਣੀ ਚਾਹੀਦੀ ਹੈ। ਪੰਨੂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕੁਆਲਿਟੀ ਦੇ ਖਾਣ ਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਾਪਤੀ ਲੋਕਾਂ ਦਾ ਅਧਿਕਾਰ ਹੈ ਅਤੇ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਿਸਮ ਤੇ ਵਧੀਆ ਦਰਜੇ ਦੇ ਖਾਣ ਵਾਲੇ ਪਦਾਰਥ ਮੁਹੱਈਆ ਕਰਾਉਣਾ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਵਿਭਾਗ ਦੀ ਜ਼ਿੰਮੇਵਾਰੀ ਹੈ।


author

rajwinder kaur

Content Editor

Related News